ਚੰਡੀਗੜ੍ਹ, 29 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਭਗਵੰਤ ਮਾਨ ਸਰਕਾਰ ਨੇ ਅੱਜ ਸੂਬੇ ਦੇ ਸ਼ਹਿਰੀ ਖੇਤਰਾਂ ਵਿਚ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ । 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ 10 ਦਿਨਾਂ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਕੈਬਨਿਟ ਮੰਤਰੀ, ਵਿਧਾਇਕ, ਮੇਅਰ, ਨਗਰ ਕੌਂਸਲਰ ਅਤੇ ਸੀਨੀਅਰ ਅਧਿਕਾਰੀ ਰੋਜ਼ਾਨਾ ਸਵੇਰੇ ਖੁਦ ਮੈਦਾਨ ਵਿਚ ਉੱਤਰ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਤੇ ਸਫ਼ਾਈ ਕਾਰਜਾਂ ਨੂੰ ਤੇਜ਼ ਕਰ ਰਹੇ ਹਨ । ‘ਸਾਫ਼ ਪੰਜਾਬ, ਮਾਣਮੱਤਾ ਪੰਜਾਬ’ ਦੇ ਸੰਕਲਪ ’ਤੇ ਆਧਾਰਿਤ ਇਹ ਮੁਹਿੰਮ ਖਾਸ ਤੌਰ ’ਤੇ ਉਨ੍ਹਾਂ ਥਾਵਾਂ (ਕੂੜੇ ਦੇ ਨਾਜ਼ੁਕ ਪੁਆਇੰਟਾਂ) ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ’ਤੇ ਕੇਂਦਰਿਤ ਹੋਵੇਗੀ, ਜਿੱਥੇ ਵਾਰ-ਵਾਰ ਕੂੜਾ ਸੁੱਟਿਆ ਜਾਂਦਾ ਹੈ। ਵਿਸ਼ੇਸ਼ ਟੀਮਾਂ ਵਲੋਂ ਇਨ੍ਹਾਂ ਥਾਵਾਂ ਦੀ ਡੂੰਘਾਈ ਨਾਲ ਸਫ਼ਾਈ ਕੀਤੀ ਜਾਵੇਗੀ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਉੱਥੇ ਦੁਬਾਰਾ ਕੂੜਾ ਇਕੱਠਾ ਨਾ ਹੋਵੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨੰਗਲ ਵਿਖੇ ਸਫਾਈ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਖੁਦ ਸਫ਼ਾਈ ਗਤੀਵਿਧੀਆਂ ਵਿਚ ਹਿੱਸਾ ਲਿਆ ਤੇ ਸਫ਼ਾਈ ਸੇਵਕਾਂ ਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਪੰਜਾਬ ਸਰਕਾਰ ਦੀ ਆਪਣੇ ਲੋਕਾਂ ਨੂੰ ਸਾਫ਼-ਸੁਥਰੇ ਅਤੇ ਸਿਹਤਮੰਦ ਸ਼ਹਿਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ । ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕੋਟਕਪੂਰਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ । ਇੱਥੇ ਉਨ੍ਹਾਂ ਸ਼ਹਿਰ ਨੂੰ ਸਾਫ਼ ਰੱਖਣ ਵਿਚ ਯੋਗਦਾਨ ਪਾਉਣ ਲਈ ਸਫ਼ਾਈ ਸੇਵਕਾਂ ਦਾ ਸਨਮਾਨ ਕੀਤਾ।
ਮਿਸ਼ਨ ਕਲੀਨ ਪੰਜਾਬ ਤਹਿਤ ਕੋਟਕਪੂਰਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿਚ ਸੈਕੰਡਰੀ ਵੇਸਟ ਕੁਲੈਕਸ਼ਨ ਸੈਂਟਰਾਂ ਅਤੇ ਕੂੜਾ ਡੰਪਿੰਗ ਪੁਆਇੰਟਾਂ ਦੀ ਵਿਆਪਕ ਸਫ਼ਾਈ ਕੀਤੀ ਜਾਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਥਾਪਰ ਚੌਕ ਵਿਖੇ ਆਪ ਸਫ਼ਾਈ ਸੇਵਾ ਨਿਭਾ ਕੇ ਮੁਹਿੰਮ ਦੀ ਅਗਵਾਈ ਕੀਤੀ । ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਦੇ ਨਕੋਦਰ ਚੌਕ ਨੇੜੇ ਸਫ਼ਾਈ ਮੁਹਿੰਮ ਵਿਚ ਹਿੱਸਾ ਲਿਆ, ਜਦਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਵਿਚ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ ਅਤੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਮੁਹਿੰਮ ਦੀ ਅਗਵਾਈ ਕੀਤੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਨਗਰ ਕੌਂਸਲ ਦਫ਼ਤਰ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਨੇ ‘ਮਿਸ਼ਨ ਕਲੀਨ ਪੰਜਾਬ’ ਵਿਚ ਆਮ ਜਨਤਾ ਤੋਂ ਵੀ ਸਰਗਰਮ ਸਹਿਯੋਗ ਮੰਗਿਆ ਹੈ । ਨਾਗਰਿਕ ਐਮ-ਸੇਵਾ ਐਪ ਰਾਹੀਂ ਆਪਣੇ ਇਲਾਕੇ ਦੇ ਕੂੜੇ ਅਤੇ ਗੰਦਗੀ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਭੇਜ ਸਕਣਗੇ, ਜਿਸ ਨਾਲ ਪ੍ਰਸ਼ਾਸਨ ਸਮੱਸਿਆ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਸਮੇਂ ਸਿਰ ਕਾਰਵਾਈ ਕਰ ਸਕੇਗਾ ।