ਸ਼ੇਲਿੰਦਰਜੀਤ ਸਿੰਘ ਰਾਜਨ
ਬਾਬਾ ਬਕਾਲਾ ਸਾਹਿਬ, 27 ਅਗਸਤ -ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ‘ਰੱਖੜ ਪੁੰਨਿਆ’ ਸ਼ਰਧਾ ਪੂਰਵਕ ਆਰੰਭ ਹੋ ਗਿਆ। ਹਜ਼ਾਰਾਂ ਹੀ ਸੰਗਤਾਂ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਦਰਬਾਰ ਸਾਹਿਬ ਅਤੇ ਹੋਰ ਅਸਥਾਨਾਂ ਵਿਖੇ ਨਤਮਸਤਕ ਹੋਈਆਂ ਅਤੇ ਸਰੋਵਰ ਵਿਚ ਇਸ਼ਨਾਨ ਕੀਤੇ । ਗੁਰਦੁਆਰਾ ਸਾਹਿਬ ਦੀ ਇਮਾਰਤ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਗਈ ਅਤੇ ਦਰਸ਼ਨੀ ਡਿਉੜੀ ਅਤੇ ਪਰਿਕਰਮਾ ਨੂੰ ਬਹੁਤ ਹੀ ਸੁੰਦਰਤਾ ਨਾਲ ਸਜਾਇਆ ਗਿਆ। ਤਪ ਅਸਥਾਨ ਸ੍ਰੀ ਭੋਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ 28 ਅਗਸਤ ਨੂੰ ਪੈਣਗੇ ਅਤੇ ਨਾਲ ਹੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਆਰੰਭ ਹੋ ਗਏ, ਜੋ ਕਿ ਮਿਤੀ 28-29 ਅਗਸਤ ਨੂੰ ਵੀ ਜਾਰੀ ਰਹਿਣਗੇ, ਜਿਸ ਵਿਚ ਉਘੇ ਰਾਗੀ-ਢਾਡੀ ਕਵੀਸ਼ਰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 30 ਅਗਸਤ ਨੂੰ ਅੰਮ੍ਰਿਤ ਸੰਚਾਰ ਹੋਵੇਗਾ ।
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁਖੀ, ਸੰਤ ਮਹਾਂਪੁਰਖ, ਅੰਤ੍ਰਿੰਗ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੀ ਭਾਰੀ ਆਵਾਜਾਈ ਨੂੰ ਮੁੱਖ ਰੱਖਦਿਆਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਵੀ ਗੁਰਦੁਆਰਾ ਛੇਵੀਂ ਪਾਤਸ਼ਾਹੀ, ਛਾਉਣੀ ਸਾਹਿਬ, ਕਥਾ ਘਰ ਸਰੋਵਰ ਸਾਹਿਬ, ਗੁਰਦੁਆਰਾ ਮਾਤਾ ਗੰਗਾ ਜੀ ਆਦਿ ਅਸਥਾਨਾਂ ’ਤੇ ਵੀ ਧਾਰਮਿਕ ਦੀਵਾਨ ਅਤੇ ਗੁਰੂ ਕੇ ਲੰਗਰ ਆਰੰਭ ਕੀਤੇ ਗਏ ਹਨ। ਨਿਹੰਗ ਸਿੰਘ ਫ਼ੌਜਾਂ ਵਲੋਂ 29 ਅਗਸਤ ਨੂੰ ਮਹੱਲਾ ਸਜਾਇਆ ਜਾਵੇਗਾ।
ਅੱਜ ਹੋਣਗੀਆਂ ਸਿਆਸੀ ਕਾਨਫ਼ਰੰਸਾਂ
ਜੋੜ ਮੇਲੇ ਨੂੰ ਸਮਰਪਿਤ 28 ਅਗਸਤ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵਿਸ਼ਾਲ ਕਾਨਫ਼ਰੰਸਾਂ ਹੋਣਗੀਆਂ । ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਰਾਜ ਪੱਧਰੀ ਸਮਾਗਮ, ਦਾਣਾ ਮੰਡੀ ਰਈਆ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਲਈ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਸਰਗਰਮ ਹਨ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਇਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਅਕਾਲੀ ਕਾਨਫ਼ਰੰਸ ਲਾਈ ਜਾ ਰਹੀ ਹੈ। ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਨਜ਼ਦੀਕ ਪੈਟਰੋਲ ਪੰਪ ਵਿਖੇ ਪੰਥਕ ਕਾਨਫ਼ਰੰਸ ਕੀਤੀ ਜਾ ਰਹੀ ।
ਕਾਂਗਰਸ ਪਾਰਟੀ ਵਲੋਂ ਸ੍ਰੀ ਮਾਤਾ ਗੰਗਾ ਕੰਨਿਆ ਸਕੂਲ ਦੇ ਨਜ਼ਦੀਕ ਕਾਨਫ਼ਰੰਸ ਕਰਵਾਈ ਜਾ ਰਹੀ ਹੈ, ਜਿਸ ਲਈ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਕਾਨਫ਼ਰੰਸ ਦੀਆਂ ਤਿਆਰੀਆਂ ਲਈ ਰਾਤ-ਦਿਨ ਇਕ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਕਰਵਾਈ ਜਾ ਰਹੀ ਕਾਨਫ਼ਰੰਸ ਵਿਚ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪੁੱਜਣਗੇ। ਇਸੇ ਤਰ੍ਹਾਂ ਐਤਕੀਂ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਵਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਫਲਾਈਓਵਰ ਪੁਲ ਦੇ ਨਜ਼ਦੀਕ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਜਾ ਰਹੀ ਹੈ।