05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕਾਕਰੋਚ ਜਨਤਾ ਪਾਰਟੀ ਅਤੇ ਸਰਕਾਰ ਵਿਚਕਾਰ ਗੱਲਬਾਤ-ਪ੍ਰਧਾਨ ਦੇ ਅਸਤੀਫ਼ੇ ’ਤੇ ਫਸਿਆ ਪੇਚ

ਅਜੀਤ ਡੈਸਕ 25-07-2026

ਨਵੀਂ ਦਿੱਲੀ, 24 ਜੁਲਾਈ (ਜਗਤਾਰ ਸਿੰਘ)-ਨੀਟ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਪਿਛਲੇ 3 ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੀ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਤੇ ਸਰਕਾਰ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਦੂਜੇ ਦੌਰ ਦੀ ਗੱਲਬਾਤ ਵੀ ਲਗਭਗ ਬੇਨਤੀਜਾ ਹੀ ਰਹੀ। ਹਾਲਾਂਕਿ ਸੀ.ਜੇ.ਪੀ. ਵਲੋਂ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਤਿੰਨ ’ਚੋਂ 2 ਮੰਗਾਂ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾਇਆ ਹੈ, ਪਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦਾ ਮਾਮਲਾ ਅਟਕ ਗਿਆ ਹੈ। ਦੱਸਿਆ ਗਿਆ ਹੈ ਕਿ ਸਰਕਾਰ ਨੇ ਇਸ ਮੁੱਦੇ ’ਤੇ ਸਨਿਚਰਵਾਰ ਤੱਕ ਦਾ ਸਮਾਂ ਲਿਆ ਤੇ ਹੁਣ ਸਨਿਚਰਵਾਰ ਨੂੰ ਬਾਅਦ ਦੁਪਹਿਰ ਸਰਕਾਰ ਤੇ ਸੀ.ਜੇ.ਪੀ. ਵਿਚਕਾਰ ਮੁੜ ਗੱਲਬਾਤ ਹੋਵਗੀ। ਸ਼ੁੱਕਰਵਾਰ ਨੂੰ ਕਾਂਸਟੀਚਿਊਸ਼ਨ ਕਲੱਬ ਵਿਖੇ ਹੋਈ ਮੀਟਿੰਗ ’ਚ ਸੀ.ਜੇ.ਪੀ. ਵਲੋਂ ਬੁਲਾਰੇ ਸੌਰਭ ਦਾਸ ਤੇ ਆਸ਼ੂਤੋਸ਼ ਰਾਂਕਾ ਜਦਕਿ ਸਰਕਾਰ ਵਲੋਂ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਤੇ ਪੀ.ਐਮ.ਓ. ’ਚ ਰਾਜ ਮੰਤਰੀ ਜਿਤੇਂਦਰ ਸਿੰਘ ਸ਼ਾਮਿਲ ਹੋਏ।
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦਾ ਮਾਮਲਾ ਅਟਕਿਆ
ਮੀਟਿੰਗ ਤੋਂ ਬਾਅਦ ਸੀ.ਜੇ.ਪੀ. ਬੁਲਾਰੇ ਸੌਰਭ ਦਾਸ ਨੇ ਦੱਸਿਆ ਕਿ ਮੰਤਰੀਆਂ ਨਾਲ ਕਰੀਬ 10 ਮਿੰਟ ਦੀ ਮੀਟਿੰਗ ਦੌਰਾਨ ਤਿੰਨ ’ਚੋਂ 2 ਮੰਗਾਂ ਬਾਰੇ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਦਿੱਤਾ, ਪਰ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਬਾਰੇ ਸਰਕਾਰ ਦਾ ਰੁਖ਼ ਫ਼ਿਲਹਾਲ ਸਕਾਰਾਤਮਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਮ੍ਰਿਤਕ ਵਿਦਿਆਰਥੀਆਂ (ਪੇਪਰ ਲੀਕ ਮਾਮਲੇ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ) ਦੇ ਪਰਿਵਾਰ ਵਾਲਿਆਂ ਨੂੰ 1 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਤਜਵੀਜ਼ ’ਤੇ ਸਕਾਰਾਤਮਿਕ ਨਜ਼ਰ ਆਈ।ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੀਤੀ ਗਈ ਐੱਫ਼.ਆਈ.ਆਰ. ਦੇ ਮੁੱਦੇ ’ਤੇ ਸਰਕਾਰ ਨੇ ਹਾਂ-ਪੱਖੀ ਹੁੰਗਾਰਾ ਦਿੱਤਾ। ਹਾਲਾਂਕਿ ਤੀਜੀ ਮੰਗ ਬਾਰੇ ਜਾਣਕਾਰੀ ਸੌਰਭ ਦਾਸ ਨੇ ਨਾਂਹ-ਪੱਖੀ ਲਹਿਜ਼ੇ ’ਚ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਸਾਡੀ ਮੰਗ ’ਤੇ ਕੋਈ ਸਮਝੌਤਾ ਨਹੀਂ ਹੋਏਗਾ। ਸੀ.ਜੇ.ਪੀ. ਦੇ ਦੂਜੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ ਸਰਕਾਰ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਸਾਡੀ ਮੰਗ ’ਤੇ ਸਨਿਚਰਵਾਰ ਦੁਪਹਿਰ ਤੱਕ ਦਾ ਸਮਾਂ ਮੰਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਸਿੱਖਿਆ ਮੰਤਰੀ ਨੂੰ ਛੇਤੀ ਹੀ ਹਟਾ ਦੇਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਕਾਰ 20 ਜੁਲਾਈ ਨੂੰ ਗੱਲਬਾਤ ਹੋਈ ਸੀ। ਕੇਂਦਰੀ ਮੰਤਰੀ ਨੱਢਾ ਨੇ ਕਿਹਾ ਕਿ ਸੀ.ਜੇ.ਪੀ. ਨੇ ਸਰਕਾਰ ਸਾਹਮਣੇ ਤਿੰਨ ਮੰਗਾਂ ਤੇ ਪ੍ਰੀਖਿਆ ਪ੍ਰਣਾਲੀ ’ਚ ਸੁਧਾਰ ਦੇ 5 ਸੁਝਾਅ ਰੱਖੇ ਹਨ ਤੇ ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਸਰਕਾਰ ਅੰਦਰ ਇਸ ’ਤੇ ਚਰਚਾ ਤੋਂ ਬਾਅਦ ਸਨਿਚਰਵਾਰ ਦੀ ਬੈਠਕ ’ਚ ਆਪਣਾ ਪੱਖ ਰੱਖਿਆ ਜਾਵੇਗਾ।
ਦਿੱਲੀ ਪੁਲਿਸ ਦੇ ਸਾਰੇ ਮੁਲਜ਼ਮਾਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਤੋਂ ਰੱਦ
ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਹਨ।ਪਿਛਲੇ ਕੁਝ ਦਿਨਾਂ ਤੋਂ ਦਿੱਲੀ ’ਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਹੈੱਡਕੁਆਰਟਰ ਨੇ ਇਕ ਮਹੱਤਵਪੂਰਨ ਪ੍ਰਸ਼ਾਸਕੀ ਫ਼ੈਸਲਾ ਲਿਆ ਹੈ। ਸ਼ਹਿਰ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਅਤੇ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਤੋਂ ਬਚਣ ਲਈ ਦਿੱਲੀ ਪੁਲਿਸ ਨੇ ਆਪਣੇ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਹਨ। ਇਹ ਹੁਕਮ ਸਾਰੇ ਰੈਂਕਾਂ ’ਤੇ ਬਰਾਬਰ ਲਾਗੂ ਹੁੰਦਾ ਹੈ ਤੇ ਅਗਲੇ ਨੋਟਿਸ ਤੱਕ ਲਾਗੂ ਰਹੇਗਾ।
ਅਸਤੀਫ਼ੇ ਤੱਕ ਜੰਤਰ ਮੰਤਰ ਖ਼ਾਲੀ ਨਹੀਂ ਕਰਾਂਗੇ-ਦੀਪਕੇ

ਦੋਵਾਂ ਧਿਰਾਂ ਵਿਚ ਮੀਟਿੰਗ ਤੋਂ ਪਹਿਲਾਂ ਜੰਤਰ ਮੰਤਰ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸਾਫ਼ ਐਲਾਨ ਕੀਤਾ ਕਿ ਜਦ ਤੱਕ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਨਹੀਂ ਹੋ ਜਾਂਦਾ ਤਦ ਤੱਕ ਜੰਤਰ ਮੰਤਰ ਨੂੰ ਖ਼ਾਲੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਸੀ.ਜੇ.ਪੀ. ਆਪਣੀਆਂ ਪ੍ਰਮੁੱਖ ਮੰਗਾਂ ਬਾਰੇ ਸਰਕਾਰ ਦੀ ਕਾਰਵਾਈ ਹੋਣ ਤੱਕ ਅੰਦੋਲਨ ਜਾਰੀ ਰੱਖੇਗੀ। ਸੋਨਮ ਵਾਂਗਚੁਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਉਨ੍ਹਾਂ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ, ਕਿਉਂਕਿ 26 ਦਿਨ ਤੋਂ ਜ਼ਿਆਦਾ ਹੋ ਗਏ ਸੀ ਤੇ ਉਨ੍ਹਾਂ ਦੀ ਜ਼ਿੰਦਗੀ ਇਸ ਦੇਸ਼ ਲਈ ਬਹੁਤ ਕੀਮਤੀ ਹੈ।

ਪਿਛਲੀ ਖ਼ਬਰ ਪੇਪਰ ਲੀਕ ਮਾਮਲੇ ’ਚ ਐਨ.ਟੀ.ਏ. ਵਲੋਂ 47 ਅਧਿਕਾਰੀ ਬਰਖਾਸਤ ਅਗਲੀ ਖ਼ਬਰ ਮੰਤਰੀ ਮੰਡਲ ਵਲੋਂ ਪੇਪਰ ਲੀਕ ਸੋਧ ਬਿੱਲ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।