07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਰਨਹਮ 20 ਨੂੰ ਸੰਭਾਲਣਗੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ

ਅਜੀਤ ਡੈਸਕ 18-07-2026


ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸਿਆਸਤ ਨੂੰ ਐਂਡੀ ਬਰਨਹਮ ਦੇ ਤੌਰ ’ਤੇ ਨਵਾਂ ਚਿਹਰਾ ਮਿਲ ਗਿਆ ਹੈ। ਅੱਜ ਲੰਡਨ ’ਚ ਹੋਈ ਲੇਬਰ ਪਾਰਟੀ ਦੀ ਕਾਨਫ਼ਰੰਸ ਦੌਰਾਨ ਐਂਡੀ ਬਰਨਹਮ ਨੂੰ ਰਸਮੀ ਤੌਰ ’ਤੇ ਸੱਤਾਧਾਰੀ ਲੇਬਰ ਪਾਰਟੀ ਦੇ ਨਵੇਂ ਆਗੂ ਚੁਣ ਲਿਆ ਗਿਆ, ਕਿਉਂਕਿ ਸੰਸਦ ’ਚ ਲੇਬਰ ਪਾਰਟੀ ਕੋਲ ਵੱਡਾ ਬਹੁਮਤ ਹੈ, ਇਸ ਲਈ ਇਸ ਜਿੱਤ ਨਾਲ ਉਹ ਯੂ. ਕੇ. ਦੇ ਅਗਲੇ ਪ੍ਰਧਾਨ ਮੰਤਰੀ ਵੀ ਬਣ ਰਹੇ ਹਨ। ਮੌਜੂਦਾ ਕਾਰਜਕਾਰੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਮਹਾਰਾਜਾ ਚਾਰਲਸ ਤੀਜੇ ਨੂੰ ਆਪਣਾ ਰਸਮੀ ਅਸਤੀਫ਼ਾ ਸੌਂਪਣ ਤੋਂ ਬਾਅਦ ਬਰਨਹਮ ਸੋਮਵਾਰ 20 ਜੁਲਾਈ ਨੂੰ ਅਧਿਕਾਰਤ ਤੌਰ ’ਤੇ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਨਿਵਾਸ) ਦਾ ਕਾਰਜਭਾਰ ਸੰਭਾਲਣਗੇ। ਬਰਨਹਮ ਦੀ ਇਹ ਸਫ਼ਲਤਾ ਰਾਜਨੀਤੀ ’ਚ ਸ਼ਾਨਦਾਰ ਵਾਪਸੀ ਨੂੰ ਦਰਸਾਉਂਦੀ ਹੈ। ਗ੍ਰੇਟਰ ਮਾਨਚੈਸਟਰ ਦੇ ਮੇਅਰ ਵਜੋਂ ਆਪਣੇ ਬਿਹਤਰੀਨ ਕਾਰਜਕਾਲ ਕਾਰਨ ਅਕਸਰ “ਕਿੰਗ ਆਫ਼ ਦਾ ਨੌਰਥ” (ਉੱਤਰ ਦਾ ਰਾਜਾ) ਵਜੋਂ ਜਾਣੇ ਜਾਣ ਵਾਲੇ ਬਰਨਹਮ ਸਿਰਫ਼ ਚਾਰ ਹਫ਼ਤੇ ਪਹਿਲਾਂ ਹੀ ਮੇਕਰਫੀਲਡ ਦੀ ਜ਼ਿਮਨੀ ਚੋਣ ਜਿੱਤ ਕੇ ਵੈਸਟਮਿੰਸਟਰ (ਸੰਸਦ) ਵਾਪਸ ਪਰਤੇ ਹਨ। ਮਈ ’ਚ ਹੋਈਆਂ ਸਥਾਨਕ ਚੋਣਾਂ ’ਚ ਲੇਬਰ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕੀਰ ਸਟਾਰਮਰ ’ਤੇ ਲਗਾਤਾਰ ਸਿਆਸੀ ਦਬਾਅ ਬਣ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਬਰਨਹਮ ਦੀ ਅਗਵਾਈ ਦੀ ਦਾਅਵੇਦਾਰੀ ਬਿਨਾਂ ਕਿਸੇ ਰੁਕਾਵਟ ਦੇ ਸਫ਼ਲ ਰਹੀ। ਉਨ੍ਹਾਂ ਦੇ ਮੁਕਾਬਲੇ ’ਚ ਕੋਈ ਹੋਰ ਉਮੀਦਵਾਰ ਖੜ੍ਹਾ ਨਹੀਂ ਹੋਇਆ। ਉਨ੍ਹਾਂ ਨੂੰ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ’ਚੋਂ 379 (ਲਗਭਗ 95%) ਦਾ ਸਮਰਥਨ ਮਿਲਿਆ ਤੇ ਨਾਲ ਹੀ ਲੇਬਰ ਪਾਰਟੀ ਨਾਲ ਜੁੜੀਆਂ ਸਾਰੀਆਂ 11 ਟ੍ਰੇਡ ਯੂਨੀਅਨਾਂ ਨੇ ਵੀ ਸਰਬਸੰਮਤੀ ਨਾਲ ਉਨ੍ਹਾਂ ਦਾ ਸਾਥ ਦਿੱਤਾ। ਸੈਂਟਰਲ ਲੰਡਨ ’ਚ ਆਪਣੇ ਸੰਬੋਧਨ ਦੌਰਾਨ ਬਰਨਹਮ ਨੇ ਯੂ. ਕੇ. ’ਚ ਸੱਤਾ ਦੇ ਸੰਤੁਲਨ ਨੂੰ ਬਦਲਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੈਸਟਮਿੰਸਟਰ ਤੋਂ ਸ਼ਕਤੀਆਂ ਖੋਹ ਕੇ ਸਥਾਨਕ ਲੋਕਾਂ ਨੂੰ ਦੇਣਾ, ਆਮ ਲੋਕਾਂ ਦੀ ਭਲਾਈ ਲਈ ਆਰਥਿਕਤਾ ਨੂੰ ਨਵੇਂ ਸਿਰੇ ਤੋਂ ਘੜਨਾ ਅਤੇ ਹਰ ਖੇਤਰ ’ਚ ਬਿਹਤਰ ਵਿਕਾਸ ਕਰਨਾ ਮੁੱਖ ਮੁੱਦੇ ਹੋਣਗੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਸਰਕਾਰ ਲਈ ਕੁਝ ਮੁੱਖ ਨੁਕਤੇ ਸਾਂਝੇ ਕੀਤੇ ਹਨ, ਜਿਨ੍ਹਾਂ ’ਚ ਉਹ ਕੇਂਦਰ ਦੀਆਂ ਸ਼ਕਤੀਆਂ ਨੂੰ ਸਿੱਧਾ ਸਥਾਨਕ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਸਖ਼ਤ ਕਦਮ ਚੁੱਕਣਗੇ। ਸੋਮਵਾਰ ਨੂੰ ਮਹਾਰਾਜਾ ਚਾਰਲਸ ਵਲੋਂ ਰਸਮੀ ਤੌਰ ’ਤੇ ਸਰਕਾਰ ਬਣਾਉਣ ਦਾ ਸੱਦਾ ਮਿਲਣ ਬਾਅਦ, ਬਰਨਹਮ ਵਲੋਂ ਆਪਣੀ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਜਾਵੇਗਾ।

ਪਿਛਲੀ ਖ਼ਬਰ ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਨੌਜਵਾਨ ਖੇਡਾਂ ’ਚ ਸੂਬੇ ਦਾ ਨਾਂਅ ਰੌਸ਼ਨ ਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।