09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਇੰਡੋਨੇਸ਼ੀਆ ਭਾਰਤ ਤੋਂ ਖਰੀਦੇਗਾ ਬ੍ਰਹਮੋਸ ਤੇ ਅਸਤਰ ਮਿਜ਼ਾਈਲਾਂ

ਅਜੀਤ ਡੈਸਕ 08-07-2026

ਜਕਾਰਤਾ, 7 ਜੁਲਾਈ (ਪੀ.ਟੀ.ਆਈ.)-ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਭਾਰਤ ਹੁਣ ਇੰਡੋਨੇਸ਼ੀਆਈ ਫ਼ੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਅਤੇ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਅਸਤਰ ਮਿਜ਼ਾਈਲਾਂ ਦੀ ਸਪਲਾਈ ਕਰੇਗਾ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਨੇ ਦੇਸ਼ ਦਾ ਸਰਬਉੱਚ ਸਨਮਾਨ ਵੀ ਪ੍ਰਦਾਨ ਕੀਤਾ ਗਿਆ। ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਵਿਚਾਲੇ ਜਕਾਰਤਾ ਵਿਖੇ ਹੋਈ ਇੱਕ ਉੱਚ-ਪੱਧਰੀ ਬੈਠਕ ਦੌਰਾਨ ਇਹ ਅਹਿਮ ਸਹਿਮਤੀ ਬਣੀ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਮਹੱਤਵਪੂਰਨ ਖਣਿਜਾਂ (ਕ੍ਰਿਟੀਕਲ ਮਿਨਰਲਜ਼) ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਫ਼ੈਸਲਿਆਂ ’ਤੇ ਮੋਹਰ ਲਗਾਈ। ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿਚ ਰੱਖਿਆ, ਸਿਹਤ, ਤਕਨਾਲੋਜੀ, ਖੁਰਾਕ ਸੁਰੱਖਿਆ, ਦਵਾਈਆਂ, ਸਮੁੰਦਰੀ ਵਪਾਰ, ਖੇਤੀਬਾੜੀ, ਸਿੱਖਿਆ ਅਤੇ ਅਹਿਮ ਖਣਿਜਾਂ ਸਮੇਤ ਵੱਖ-ਵੱਖ ਖੇਤਰਾਂ ’ਚ 14 ਸਮਝੌਤੇ ਸਹੀਬੱਧ ਕੀਤੇ ਗਏ। ਸਭ ਤੋਂ ਅਹਿਮ ਸਮਝੌਤਾ ਬ੍ਰਹਮੋਸ ਮਿਜ਼ਾਈਲਾਂ ਬਾਰੇ ਕੀਤਾ ਗਿਆ। ਜਿਸ ਸੰਬੰਧੀ ਦੋਵਾਂ ਦੇਸ਼ਾਂ ਦਰਮਿਆਨ ਪਿਛਲੇ ਚਾਰ ਮਹੀਨੇ ਤੋਂ ਗੱਲਬਾਤ ਚੱਲ ਰਹੀ ਸੀ, ਜਿਸ ਤਹਿਤ ਭਾਰਤ ਇੰਡੋਨੇਸ਼ੀਆ ਨੂੰ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ। ਇਸ ਦੇ ਨਾਲ ਫਿਲਪਾਈਨ ਅਤੇ ਵੀਅਤਨਾਮ ਦੇ ਬਾਅਦ ਇੰਡੋਨੇਸ਼ੀਆ ਬ੍ਰਹਮੋਸ ਮਿਜ਼ਾਈਲਾਂ ਖ਼ਰੀਦਣ ਵਾਲਾ ਤੀਸਰਾ ਦੇਸ਼ ਬਣ ਗਿਆ ਹੈ। ਇੰਡੋਨੇਸ਼ੀਆ ਨੇ ਆਪਰੇਸ਼ਨ ਸੰਧੂਰ ’ਚ ਵਰਤੀ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਭਾਰਤੀ ‘ਅਸਤਰ’ ਮਿਜ਼ਾਈਲ ਵੀ ਖਰੀਦਣ ਦਾ ਫ਼ੈਸਲਾ ਕੀਤਾ ਹੈ। ਉਥੇ ਭਾਰਤ ਇੰਡੋਨੇਸ਼ੀਆ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਵਿਕਸਿਤ ਕਰਨ ’ਚ ਵੀ ਮਦਦ ਕਰੇਗਾ। ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋਂ ਦਰਮਿਆਨ ਦੁਵੱਲੀ ਬੈਠਕ ਦੌਰਾਨ ਹੋਏ।
ਆਈ.ਆਈ.ਐਮ. ਬੈਂਗਲੋਰ ਪੂਰਬੀ ਜਾਵਾ ’ਚ ਕੈਂਪਸ ਖੋਲ੍ਹੇਗਾ
ਦੋਵੇਂ ਦੇਸ਼ਾਂ ਵਲੋਂ ਸਿੱਖਿਆ ਦੇ ਖੇਤਰ ’ਚ ਕੀਤੇ ਸਮਝੌਤੇ ਤਹਿਤ ਆਈ.ਆਈ.ਐਮ. ਬੈਂਗਲੋਰ ਵਲੋਂ ਪੂਰਬੀ ਜਾਵਾ ’ਚ ਆਪਣਾ ਕੈਂਪਸ ਖੋਲ੍ਹਿਆ ਜਾਵੇਗਾ। ਇਸ ਨਾਲ ਪੂਰੇ ਆਸਿਆਨ ਖੇਤਰ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ। ਆਈ.ਆਈ.ਐਮ ਅਹਿਮਦਾਬਾਦ ਭਾਰਤ ਦੇ ਬਾਹਰ ਆਪਣਾ ਕੈਂਪਸ ਖੋਲ੍ਹਣ ਵਾਲੀ ਪਹਿਲੀ ਸੰਸਥਾ ਸੀ, ਜਿਸ ਨੇ ਪਿਛਲੇ ਸਾਲ ਦੁਬਈ ’ਚ ਆਪਣੇ ਕੈਂਪਸ ਸ਼ੁਰੂ ਕੀਤਾ ਸੀ।

ਪਿਛਲੀ ਖ਼ਬਰ ਚੰਨੀ ਧੜਾ ਰਾਹੁਲ ਨਾਲ ਮੁਲਾਕਾਤ ਲਈ ਬਜ਼ਿਦ-ਬਘੇਲ ਵਲੋਂ ‘ਡਿਨਰ ਡਿਪਲੋਮੇਸੀ’ ਅਗਲੀ ਖ਼ਬਰ ਵਾਰਡ ਨੰਬਰ-7 ਦੇ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।