06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭਾਰਤ ਅਤੇ ਜਪਾਨ ਵਿਚਕਾਰ ਰੱਖਿਆ, ਊਰਜਾ ਅਤੇ ਏ.ਆਈ. ਸਮੇਤ ਕਈ ਸਮਝੌਤੇ ਸਹੀਬੱਧ

ਅਜੀਤ ਡੈਸਕ 03-07-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨੀ ਹਮਰੁਤਬਾ ਸਾਨੇ ਤਕਾਇਚੀ ਨੂੰ ਦੱਸਿਆ ‘ਛੋਟੀ ਭੈਣ
ਨਵੀਂ ਦਿੱਲੀ, 2 ਜੁਲਾਈ (ਜਗਤਾਰ ਸਿੰਘ)-ਭਾਰਤ ਅਤੇ ਜਾਪਾਨ ਨੇ ਆਰਥਿਕ ਸਾਂਝੇਦਾਰੀ ਨੂੰ ਨਵੀਂ ਰਫ਼ਤਾਰ ਦੇਣ ਦਾ ਫ਼ੈਸਲਾ ਕੀਤਾ ਹੈ। ਦੋਵੇਂ ਦੇਸ਼ਾਂ ਨੇ ਰੱਖਿਆ, ਊਰਜਾ ਅਤੇ ਏ.ਆਈ. ਸਮੇਤ ਕਈ ਪ੍ਰਮੁੱਖ ਦੁਵੱਲੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸਾਨੇ ਤਕਾਇਚੀ ਵਿਚਕਾਰ ਦੁਵੱਲੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਜਪਾਨ ਨੇ ਵੀਰਵਾਰ ਨੂੰ ਆਰਥਿਕ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ), ਰੱਖਿਆ ਤਕਨਾਲੋਜੀ, ਸਾਫ਼ ਊਰਜਾ, ਸਿਹਤ ਸੰਭਾਲ ਅਤੇ ਸਮੁੰਦਰੀ ਸੁਰੱਖਿਆ ਨੂੰ ਕਵਰ ਕਰਨ ਵਾਲੇ ਕਈ ਸਮਝੌਤਿਆਂ ‘ਤੇ ਦਸਤਖ਼ਤ ਕਰਕੇ ਆਪਣੀ ਰਣਨੀਤਕ ਭਾਈਵਾਲੀ ਦਾ ਵਿਸਥਾਰ ਕੀਤਾ।ਦੱਸਣਯੋਗ ਹੈ ਕਿ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਭਾਰਤ ਦੇ ਤਿੰਨ ਦਿਨਾਂ ਦੇ ਦੌਰੇ ’ਤੇ ਹਨ ਅਤੇ ਭਾਰਤ ਪੁੱਜਣ ਤੋਂ ਬਾਅਦ ਵੀਰਵਾਰ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ । 16ਵੇਂ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਨੇਤਾਵਾਂ ਨੇ ਵਧਦੀਆਂ ਭੂ-ਰਾਜਨੀਤਕ ਅਤੇ ਆਰਥਿਕ ਚੁਨੌਤੀਆਂ ਦੇ ਵਿਚਕਾਰ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਵਿਆਪਕ ਵਿਚਾਰ-ਵਟਾਂਦਰਾ ਕੀਤਾ । ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਵਿਸ਼ਵ-ਵਿਆਪੀ ਅਨਿਸਚਿਤਤਾਵਾਂ ਨੂੰ ਹੱਲ ਕਰਨ ਲਈ ਆਰਥਿਕ ਸੁਰੱਖਿਆ ਲਈ ਇੱਕ ਸਾਂਝੇ ਖਾਕੇ ‘ਤੇ ਸਹਿਮਤ ਹੋਏ ਹਨ । ਇਸ ਦੌਰਾਨ ਉਨ੍ਹਾਂ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੂੰ ਆਪਣੀ ‘ਛੋਟੀ ਭੈਣ’ ਵੀ ਦੱਸਿਆ । ਮੋਦੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਵਿਚਕਾਰ ਤਕਨਾਲੋਜੀ ਭਾਈਵਾਲੀ ਦੁਵੱਲੇ ਸੰਬੰਧਾਂ ਦਾ ਸਭ ਤੋਂ ਮਜ਼ਬੂਤ ਥੰਮ੍ਹ ਬਣ ਜਾਵੇਗੀ । ਉਨ੍ਹਾਂ ਕਿਹਾ ਕਿ ਜਪਾਨ ਦੀ ਸ਼ੁੱਧਤਾ ਤਕਨਾਲੋਜੀ ਅਤੇ ਭਾਰਤ ਦੀਆਂ ਸਾਫ਼ਟਵੇਅਰ ਸਮਰੱਥਾਵਾਂ ਦਾ ਮੇਲ ਗਲੋਬਲ ਏ.ਆਈ. ਵਿਕਾਸ ਨੂੰ ਨਵੀਂ ਗਤੀ ਅਤੇ ਤਾਕਤ ਪ੍ਰਦਾਨ ਕਰੇਗਾ । ਦੋਵੇਂ ਦੇਸ਼ਾਂ ਵਲੋਂ ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਬਾਇਓਤਕਨਾਲੋਜੀ ਵਿਚ ਸਹਿਯੋਗ ਵਧਾਉਣ ਲਈ ਸਮਝੌਤਿਆਂ ‘ਤੇ ਵੀ ਦਸਤਖ਼ਤ ਕੀਤੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਨਿਰਮਾਣ ਪੈਮਾਨਾ, ਜਪਾਨ ਦੀ ਤਕਨੀਕੀ ਮੁਹਾਰਤ ਅਤੇ ਗੁਣਵੱਤਾ ਦੇ ਮਿਆਰਾਂ ਨਾਲ ਮਿਲ ਕੇ ਦੁਨੀਆ ਭਰ ਦੇ ਲੋਕਾਂ ਨੂੰ ਕਿਫ਼ਾਇਤੀ, ਭਰੋਸੇਮੰਦ ਅਤੇ ਉੱਨਤ ਸਿਹਤ ਸੰਭਾਲ ਹੱਲ ਪ੍ਰਦਾਨ ਕਰਨ ਵਿਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਅਤੇ ਜਪਾਨ ਦੋਵੇਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚੋਂ ਇੱਕ ਹਨ। ਇੱਕ ਆਜ਼ਾਦ, ਖੁਸ਼ਹਾਲ ਅਤੇ ਨਿਯਮਾਂ-ਆਧਾਰਿਤ ਭਾਰਤ ਪ੍ਰਸ਼ਾਂਤ ਖੇਤਰ ਸਾਡੀ ਸਾਂਝੀ ਤਰਜੀਹ ਹੈ।ਖੇਤਰ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਅਤੇ ਬਾਜ਼ਾਰ ਅਰਥਵਿਵਸਥਾਵਾਂ ਹੋਣ ਦੇ ਨਾਤੇ ਅਸੀਂ ਅੱਜ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਰਾਹੀਂ ਅਸੀਂ ਸਾਂਝੇ ਤੌਰ ‘ਤੇ ਪੂਰੇ ਖੇਤਰ ’ਚ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਰਾਹ ਪੱਧਰਾ ਕਰਾਂਗੇ। ਮੋਦੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਆਰਥਿਕ ਸੁਰੱਖਿਆ ਨੂੰ ਸਾਂਝੀ ਸੁਰੱਖਿਆ ਅਤੇ ਊਰਜਾ ਤਬਦੀਲੀ ਨੂੰ ਇੱਕ ਸਾਂਝੇ ਮੌਕੇ ਵਜੋਂ ਦੇਖਦੇ ਹਨ। ਅਸੀਂ ਇਸ ਏਜੰਡੇ ਨੂੰ ਅੱਗੇ ਵਧਾਉਣ ਅਤੇ ਇਸ ਦਿਸ਼ਾ ’ਚ ਤਬਦੀਲੀ ਲਿਆਉਣ ਲਈ ਕੰਮ ਕਰਾਂਗੇ। ਦੁਵੱਲੇ ਵਪਾਰ ਵਿਚ ਵਾਧੇ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ 100 ਤੋਂ ਵੱਧ ਨਵੇਂ ਵਪਾਰਕ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ, ਜਿਸ ਨਾਲ ਭਾਰਤ ਵਿੱਚ 10 ਅਰਬ ਅਮਰੀਕੀ ਡਾਲਰ ਤੋਂ ਵੱਧ ਜਾਪਾਨੀ ਨਿਵੇਸ਼ ਆਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸੰਬੰਧਾਂ ਦੀ ਨੀਂਹ ਅਟੁੱਟ ਆਪਸੀ ਵਿਸ਼ਵਾਸ ‘ਤੇ ਟਿਕੀ ਹੋਈ ਹੈ।
ਭਾਰਤ-ਜਪਾਨ ’ਚ ਡਾਲਰ ਦੇ ਬਿਨਾਂ ਵਪਾਰ ਦੀ ਤਿਆਰੀ

ਭਾਰਤ ਅਤੇ ਜਪਾਨ ਵਪਾਰ ’ਚ ਅਮਰੀਕੀ ਡਾਲਰ ਦੀ ਭੂਮਿਕਾ ਘੱਟ ਕਰਨ ਦੀ ਤਿਆਰ ਕਰ ਰਹੇ ਹਨ। ਨਿੱਕੀ ਏਸ਼ੀਆ ਦੀ ਰਿਪੋਰਟ ਅਨੁਸਾਰ ਦੋਵੇਂ ਦੇਸ਼ ਅਜਿਹੀ ਵਿਵਸਥਾ ਬਣਾਉਣ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਕਾਰੋਬਾਰ ਦਾ ਭੁਗਤਾਨ ਸਿੱਧਾ ਭਾਰਤੀ ਰੁਪਏ ਅਤੇ ਜਪਾਨੀ ਯੇਨ ’ਚ ਹੋ ਸਕੇ। ਜੇਕਰ ਭਾਰਤ ਅਤੇ ਜਾਪਾਨ ’ਚ ਭੁਗਤਾਨ ਨਾਲ ਜੁੜਿਆ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਦੋਵੇਂ ਦੇਸ਼ਾਂ ਦਰਮਿਆਨ ਪਹਿਲੀ ਵਾਰ ਸਥਾਨਕ ਕਰੰਸੀ ’ਚ ਵਪਾਰ ਨੂੰ ਲੈ ਕੇ ਰਸਮੀ ਵਿਵਸਥਾ ਬਣੇਗੀ। ਇਸ ਯੋਜਨਾ ਤਹਿਤ ਜਪਾਨੀ ਕੰਪਨੀਆਂ ਭਾਰਤ ਦੀਆਂ ਬੈਂਕਾਂ ’ਚ ਵਿਸ਼ੇਸ਼ ਖਾਤੇ ਖੋਲ ਕੇ ਸਿੱਧੇ ਰੁਪਏ ਅਤੇ ਯੇਨ ’ਚ ਲੈਣ-ਦੇਣ ਕਰ ਸਕਣਗੀਆਂ। ਇਹ ਪ੍ਰਸਤਾਵ ਨਵਾਂ ਨਹੀਂ ਹੈ। ਅਗਸਤ 2025 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਪਾਨ ਦੌਰੇ ਦੌਰਾਨ ਦੋਵੇਂ ਦੇਸ਼ਾਂ ਨੇ ਅਗਲੇ 10 ਸਾਲਾਂ ਲਈ ਸਾਂਝਾ ਦਸਤਾਵੇਜ਼ ਜਾਰੀ ਕੀਤਾ ਸੀ। ਜਿਸ ’ਚ ਅਦਾਇਗੀ ਪ੍ਰਣਾਲੀ ਅਤੇ ਸਥਾਨਕ ਕਰੰਸੀਆਂ ’ਚ ਵਪਾਰ ਵਧਾਉਣ ਦੀ ਗੱਲ ਕਹੀ ਗਈ ਸੀ।
ਭਾਰਤ-ਜਪਾਨ ਦਰਮਿਆਨ 129 ਐਮ.ਓ.ਯੂ ਦਾ ਐਲਾਨ

ਭਾਰਤ ਅਤੇ ਜਪਾਨ ਸਾਂਝੇ ਆਰਥਿਕ ਫੋਰਮ ’ਚ 129 ਸਮਝੌਤਿਆਂ (ਐਮ.ਓ.ਯੂ) ਦਾ ਐਲਾਨ ਕੀਤਾ ਗਿਆ। ਇਨ੍ਹਾਂ ਸਮਝੌਤਿਆਂ ਦਾ ਮਕਸਦ ਦੋਵੇਂ ਦੇਸ਼ਾਂ ਦਰਮਿਆਨ ਨਿਵੇਸ਼, ਉਦਯੋਗ, ਉਤਪਾਦਨ, ਤਕਨੀਕ,ਕੌਸ਼ਲ ਵਿਕਾਸ ਅਤੇ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਹੈ। ਇਸ ਦੇ ਨਾਲ ਹੀ ਜਾਪਾਨ ਨੇ ਭਾਰਤ ’ਚ 10 ਖਰਬ ਜਾਪਨੀ ਯੇਨ (ਕਰੀਬ 6 ਲੱਖ ਕਰੋੜ ਰੁਪਏ) ਤੋਂ ਵੱਧ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ।
ਮਾਰੂਤੀ ਸਜ਼ੂਕੀ ਦੇ ਖਰਖੌਦਾ ਪਲਾਂਟ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਹਰਿਆਣਾ ਦੇ ਖਰਖੌਦਾ ’ਚ ਮਾਰੂਤੀ-ਸਜ਼ੂਕੀ ਇੰਡੀਆ ਦੇ 35,000 ਕਰੋੜ ਰੁਪਏ ਦੇ ਨਵੇਂ ਪਲਾਂਟ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ। ਇਹ ਮੈਗਾ ਪ੍ਰਾਜੈਕਟ ਭਾਰਤ ਅਤੇ ਜਾਪਾਨ ਦਰਮਿਆਨ ਉਦਯੋਗਿਕ ਭਾਈਵਾਲੀ ’ਚ ਇਕ ਵੱਡਾ ਮੀਲ ਪੱਥਰ ਹੈ ਅਤੇ ਦੇਸ਼ ਦੇ ‘ਮੇਕ ਇਨ ਇੰਡੀਆ, ਮੇਕ ਫਾਰ ਦਾ ਵਰਲਡ’ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰਦਾ ਹੈ। 800 ਏਕੜ ਵਿਚ ਫੈਲਿਆ ਖਰਖੋਦਾ ਪ੍ਰੋਜੈਕਟ, ਭਾਰਤ ਵਿਚ ਸਭ ਤੋਂ ਵੱਡੇ ਗ੍ਰੀਨਫੀਲਡ ਆਟੋਮੋਬਾਈਲ ਨਿਰਮਾਣ ਨਿਵੇਸ਼ਾਂ ’ਚੋਂ ਇੱਕ ਹੈ। 35,000 ਕਰੋੜ ਰੁਪਏ ਦੇ ਯੋਜਨਾਬੱਧ ਨਿਵੇਸ਼ ਨਾਲ ਬਣੀ ਇਸ ਸਹੂਲਤ ਦੇ ਦੁਨੀਆ ਦੇ ਸਭ ਤੋਂ ਵੱਡੇ ਆਟੋਮੋਬਾਈਲ ਨਿਰਮਾਣ ਕੇਂਦਰਾਂ ’ਚੋਂ ਇੱਕ ਵਜੋਂ ਉਭਰਨ ਦੀ ਉਮੀਦ ਹੈ, ਜਿਸ ਦੀ ਸਾਲਾਨਾ ਉਤਪਾਦਨ ਸਮਰੱਥਾ 10 ਲੱਖ ਵਾਹਨ ਹੋਵੇਗੀ।

ਪਿਛਲੀ ਖ਼ਬਰ ਇਕ ਅੱਤਵਾਦੀ, ਅੱਤਵਾਦੀ ਹੀ ਹੁੰਦਾ ਹੈ, ਦੋਹਰੇ ਮਾਪਦੰਡ ਨਾ ਅਪਣਾਏ ਜਾਣ ਅਗਲੀ ਖ਼ਬਰ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਢੀਂਡਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।