ਅਧੀਰ ਰੰਜਨ ਚੌਧਰੀ ਬਹਿਰਾਮਪੁਰ ਤੋਂ ਲੜਨਗੇ ਚੋਣ
ਨਵੀਂ ਦਿੱਲੀ, 29 ਮਾਰਚ (ਏਜੰਸੀ)-ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 284 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ 'ਚ ਸਾਬਕਾ ਸੂਬਾ ਇਕਾਈ ਮੁਖੀ ਅਧੀਰ ਰੰਜਨ ਚੌਧਰੀ ਨੂੰ ਬਹਿਰਾਮਪੁਰ ਤੋਂ ਅਤੇ ਸਾਬਕਾ ਟੀ.ਐਮ.ਸੀ. ਸੰਸਦ ਮੈਂਬਰ ਮੌਸਮ ਨੂਰ (ਜੋ ਹਾਲ ਹੀ 'ਚ ਕਾਂਗਰਸ 'ਚ ਸ਼ਾਮਿਲ ਹੋਈ ਹੈ) ਨੂੰ ਮਾਲਤੀਪੁਰ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ | ਪਾਰਟੀ ਨੇ ਦਾਰਜੀਲਿੰਗ ਤੋਂ ਮਾਧਪ ਰਾਏ, ਸੁਜਾਪੁਰ ਤੋਂ ਅਬਦੁਲ ਹੰਨਾਨ, ਦਮ ਦਮ ਤੋਂ ਸੁਸ਼ਮਿਤਾ ਬਿਸਵਾਸ, ਡਾਇਮੰਡ ਹਾਰਬਰ ਤੋਂ ਗੌਤਮ ਭੱਟਾਚਾਰੀਆ, ਆਸਨਸੋਲ ਦੱਖਣ ਤੋਂ ਸੌਵਿਕ ਮੁਖਰਜੀ ਅਤੇ ਆਸਨਸੋਲ ਉਤਰ ਤੋਂ ਪ੍ਰਸੇਨਜੀਤ ਪੁਇਟੰਡੀ ਨੂੰ ਵੀ ਮੈਦਾਨ 'ਚ ਉਤਾਰਿਆ ਹੈ | ਉਮੀਦਵਾਰਾਂ ਦਾ ਐਲਾਨ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਇਥੇ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਮੀਟਿੰਗ ਕਰਨ ਤੋਂ ਇਕ ਦਿਨ ਬਾਅਦ ਕੀਤਾ ਗਿਆ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਸਾਬਕਾ ਪਾਰਟੀ ਮੁਖੀ ਰਾਹੁਲ ਗਾਂਧੀ, ਏ.ਆਈ.ਸੀ.ਸੀ. ਜਨਰਲ ਸਕੱਤਰ ਸੰਗਠਨ ਕੇ.ਸੀ. ਵੇਣੂਗੋਪਾਲ ਤੇ ਪੱਛਮੀ ਬੰਗਾਲ ਦੇ ਆਗੂਆਂ ਨੇ ਮੀਟਿੰਗ 'ਚ ਹਿੱਸਾ ਲਿਆ ਸੀ | ਪੱਛਮੀ ਬੰਗਾਲ ਲਈ ਏ.ਆਈ.ਸੀ.ਸੀ. ਇੰਚਾਰਜ ਗੁਲਾਮ ਅਹਿਮਦ ਮੀਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੂੰ 294 ਵਿਧਾਨ ਸਭਾ ਸੀਟਾਂ ਲਈ 2,500 ਅਰਜ਼ੀਆਂ ਪ੍ਰਾਪਤ ਹੋਈਆਂ ਸਨ | ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੀਆਂ ਸਾਰੀਆਂ 294 ਸੀਟਾਂ ਲਈ ਚੋਣ ਲੜਾਂਗੇ | ਇਥੇ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ 'ਚ ਵੋਟਾਂ ਪੈਣਗੀਆਂ ਤੇ ਗਿਣਤੀ 4 ਮਈ ਨੂੰ ਹੋਵੇਗੀ |
ਕਾਂਗਰਸ ਵਲੋਂ ਬੰਗਾਲ ਚੋਣਾਂ ਲਈ 284 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਅਜੀਤ ਡੈਸਕ
30-03-2026