ਨਵੀਂ ਦਿੱਲੀ, 29 ਜਨਵਰੀ (ਏਜੰਸੀ)-ਫ਼ਿਲਸਤੀਨ ਨੇ ਭਾਰਤ ਨੂੰ ਜੰਗ ਪ੍ਰਭਾਵਿਤ ਗਾਜ਼ਾ ਦੇ ਪੁਨਰ ਨਿਰਮਾਣ 'ਚ ਸਰਗਰਮ ਭੂਮਿਕਾ ਨਿਭਾਉਣ ਅਤੇ ਫ਼ਿਲਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ | ਫ਼ਿਲਸਤੀਨ ਦੇ ਵਿਦੇਸ਼ ਮੰਤਰੀ ਵਾਰਸੇਨ ਅਗਾਬੇਕਿਆਨ ਸ਼ਾਹੀਨ ਨੇ ਕਿਹਾ ਕਿ ਅਕਤੂਬਰ, 2023 ਤੋਂ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਕਾਰਨ ਹੋਈ ਵਿਆਪਕ ਤਬਾਹੀ ਦੇ ਮੱਦੇਨਜ਼ਰ ਗਾਜ਼ਾ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ | ਸ਼ਾਹੀਨ ਸਨਿਚਰਵਾਰ ਨੂੰ ਹੋਣ ਵਾਲੀ ਦੂਜੀ ਭਾਰਤ-ਅਰਬ ਲੀਗ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਨਵੀਂ ਦਿੱਲੀ 'ਚ ਹਨ | ਉਨ੍ਹਾਂ ਗਾਜ਼ਾ ਪੱਟੀ ਦੇ ਪੁਨਰ ਨਿਰਮਾਣ 'ਚ ਭਾਰਤ ਦੀ ਮਹੱਤਤਾ ਬਾਰੇ ਗੱਲ ਕੀਤੀ ਕਿਉਂਕਿ ਰਿਪੋਰਟਾਂ ਹਨ ਕਿ ਗਾਜ਼ਾ ਪੱਟੀ ਨੂੰ ਦੁਬਾਰਾ ਬਣਾਉਣ ਲਈ ਲਗਭਗ 110 ਅਰਬ ਅਮਰੀਕੀ ਡਾਲਰਾਂ ਦੀ ਲੋੜ ਹੈ | ਸ਼ਾਹੀਨ ਨੇ ਕਿਹਾ ਕਿ ਇਸ ਸੰਬੰਧ 'ਚ ਅਸੀਂ ਭਾਰਤ ਦੀ ਸਰਗਰਮ ਭਾਗੀਦਾਰੀ ਦੀ ਉਮੀਦ ਕਰਦੇ ਹਾਂ |