ਰੂਪਨਗਰ, ਨੂਰਪੁਰ ਬੇਦੀ, 22 ਜਨਵਰੀ (ਸਤਨਾਮ ਸਿੰਘ ਸੱਤੀ, ਰਾਜੇਸ਼ ਚੌਧਰੀ)-ਡੋਡਾ ਜ਼ਿਲ੍ਹੇ ਵਿਚ ਫ਼ੌਜੀ ਵਾਹਨ ਖੱਡ ਵਿਚ ਡਿਗਣ ਕਾਰਨ ਹੋਏ ਗੰਭੀਰ ਹਾਦਸੇ ਵਿਚ ਮਰਨ ਵਾਲੇ ਜਵਾਨਾਂ 'ਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਨੌਲੀ (ਨੂਰਪੁਰ ਬੇਦੀ) ਨਾਲ ਸੰਬੰਧਿਤ ਫ਼ੌਜੀ ਜਵਾਨ ਜੋਬਨਜੀਤ ਸਿੰਘ (23) ਪੁੱਤਰ ਬਲਬੀਰ ਸਿੰਘ ਵੀ ਸ਼ਾਮਿਲ ਸੀ | ਇਸ ਖ਼ਬਰ ਨਾਲ ਨਾ ਸਿਰਫ਼ ਪਿੰਡ ਚਨੌਲੀ ਨੂਰਪੁਰ ਬੇਦੀ ਹੀ ਨਹੀਂ ਬਲਕਿ ਰੂਪਨਗਰ ਸਥਿਤ ਉਸ ਦੇ ਗ੍ਰਹਿ ਗੋਬਿੰਦ ਵੈਲੀ ਵਿਚ ਵੀ ਸੋਗ ਦੀ ਲਹਿਰ ਦੌੜ ਗਈ | ਜੋਬਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਜੋ ਫੌਜ ਵਿਚ 2019 'ਚ ਭਰਤੀ ਹੋਇਆ ਸੀ, ਉਸ ਦੇ ਪਿਤਾ ਬਲਬੀਰ ਸਿੰਘ ਵੀ ਕੁਝ ਸਮਾਂ ਪਹਿਲਾਂ ਹੀ ਫ਼ੌਜ ਵਿਚੋਂ ਬਤੌਰ ਸੂਬੇਦਾਰ ਮੇਜਰ ਸੇਵਾ-ਮੁਕਤ ਹੋਏ ਹਨ | ਜੋਬਨਜੀਤ ਸਿੰਘ ਦਾ ਇੱਕ ਮਾਰਚ ਨੂੰ ਵਿਆਹ ਸੀ ਅਤੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ |