ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਆਉਣ ਵਾਲੇ ਬਜਟ ਇਜਲਾਸ ਤੋਂ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ਦੇ ਸਾਰੇ ਪਾਰਟੀ ਆਗੂਆਂ ਦੀ 27 ਜਨਵਰੀ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ | ਹਲਕਿਆਂ ਮੁਤਾਬਿਕ ਇਹ ਬੈਠਕ ਸੰਸਦ ਦੇ ਮੁੱਖ ਕਮੇਟੀ ਹਾਲ 'ਚ ਹੋਵੇਗੀ | ਇਸ ਬੈਠਕ 'ਚ ਸਰਕਾਰ ਉਨ੍ਹਾਂ ਮੁੱਦਿਆਂ 'ਤੇ ਚਰਚਾ ਕਰੇਗੀ ਜੋ ਆਉਣ ਵਾਲੇ ਬਜਟ ਇਜਲਾਸ 'ਚ ਚੁੱਕੇ ਜਾਣਗੇ | ਬਜਟ ਇਜਲਾਸ 28 ਜਨਵਰੀ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚੱਲੇਗਾ | 2 ਪੜਾਵਾਂ 'ਚ ਹੋਣ ਵਾਲੇ ਬਜਟ ਇਜਲਾਸ ਦਾ ਪਹਿਲਾ ਪੜਾਅ 28 ਜਨਵਰੀ ਤੋਂ 13 ਫਰਵਰੀ ਤੱਕ ਚੱਲੇਗਾ | ਜਦਕਿ ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਚੱਲੇਗਾ | ਬਜਟ ਇਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸਾਂਝੇ ਭਾਸ਼ਨ ਨਾਲ ਹੋਵੇਗੀ ਜਦਕਿ 29 ਜਨਵਰੀ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਏਗਾ | 30 ਅਤੇ 31 ਜਨਵਰੀ ਨੂੰ ਕੋਈ ਬੈਠਕ ਨਹੀਂ ਹੋਏਗੀ, ਜਦਕਿ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਏਗਾ | ਇਹ ਪਹਿਲੀ ਵਾਰ ਹੈ ਜਦੋਂ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਏਗਾ, ਜਿਸ ਕਾਰਨ ਮੁੱਖ ਸ਼ੇਅਰ ਬਾਜ਼ਾਰ ਬੀ.ਐਸ.ਈ. ਅਤੇ ਐਨ.ਐਸ.ਈ. ਵੀ ਐਤਵਾਰ ਹੋਣ ਦੇ ਬਾਵਜੂਦ ਕਾਰੋਬਾਰ ਲਈ ਖੁੱਲ੍ਹੇ ਰਹਿਣਗੇ | ਐਨ.ਐਸ.ਈ. ਵਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਿਕ ਐਨ.ਐਸ.ਈ. ਦਾ ਕਾਰੋਬਾਰ ਸਵੇਰੇ 9.15 ਵਜੇ ਤੋਂ ਦੁਪਹਿਰ 3.30 ਵਜੇ ਤੱਕ ਚੱਲੇਗਾ | ਜਦਕਿ ਬੀ.ਐਸ.ਈ. ਦੇ ਨੋਟਿਸ ਮੁਤਾਬਿਕ 1 ਫਰਵਰੀ ਨੂੰ 'ਵਿਸ਼ੇਸ਼ ਕਾਰੋਬਾਰ ਦਿਵਸ' ਐਲਾਨਿਆ ਗਿਆ ਅਤੇ ਬਾਜ਼ਾਰ ਆਮ ਕਾਰੋਬਾਰੀ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ |