ਚੰਡੀਗੜ੍ਹ, 21 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)-ਪੱਛਮੀ ਖੇਤਰ 'ਚ ਮੌਸਮੀ ਗੜਬੜੀ ਦੇ ਚਲਦਿਆਂ 22 ਤੋਂ 24 ਜਨਵਰੀ ਦਰਮਿਆਨ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਬੱਦਲਾਂ ਦੀ ਗਰਜ, ਚਮਕ ਸਮੇਤ ਹਲਕੇ ਤੋਂ ਭਾਰੀ ਮੀਂਹ ਪੈਣ, ਗੜੇ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ | ਪੰਜਾਬ ਵਿਚ 23 ਜਨਵਰੀ ਨੂੰ ਭਾਰੀ ਮੀਂਹ ਨਾਲ ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਇਸ ਸਥਿਤੀ 'ਚ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 22 ਤੇ 24 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿਚ ਕੁਝ ਥਾਵਾਂ ਅਤੇ 23 ਜਨਵਰੀ ਨੂੰ ਜ਼ਿਆਦਾਤਰ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ | ਇਨ੍ਹਾਂ ਦਿਨਾਂ ਦੌਰਾਨ ਉਕਤ ਸੂਬਿਆਂ ਵਿਚ 40 ਤੋਂ 50 ਕਿਲੋਮੀਟਰ ਦੀ ਪ੍ਰਤੀ ਘੰਟੇ ਦੀਆਂ ਗਤੀ ਦੀਆਂ ਹਵਾਵਾਂ ਚੱਲਣਗੀਆਂ, ਜਿਨ੍ਹਾਂ ਦੀ ਗਤੀ ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ | ਵਿਭਾਗ ਵਲੋਂ 22 ਜਨਵਰੀ ਨੂੰ ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਵਿਚ ਗੜੇ ਪੈਣ ਬਾਰੇ ਦੱਸਿਆ ਗਿਆ ਹੈ | ਮੌਸਮ ਵਿਭਾਗ ਨੇ ਪ੍ਰਗਟਾਵਾ ਕੀਤਾ ਹੈ ਕਿ 23 ਜਨਵਰੀ ਨੂੰ ਪੰਜਾਬ ਦੇ ਉੱਤਰੀ ਭਾਗ ਵਿਚ ਭਾਰੀ ਮੀਂਹ ਸਮੇਤ ਗੜੇਮਾਰੀ ਹੋਵੇਗੀ | ਮੌਸਮ ਵਿਭਾਗ ਦਾ ਦੱਸਣਾ ਹੈ ਕਿ ਲੰਘੇ 24 ਘੰਟਿਆਂ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਮੌਸਮ ਗਰਮ ਅਤੇ ਖੁਸ਼ਕ ਰਿਹਾ | ਬੁੱਧਵਾਰ ਦਾ ਤਾਪਮਾਨ ਪੰਜਾਬ 'ਚ 25.4 ਡਿਗਰੀ ਸੈਲਸੀਅਸ ਅਤੇ ਹਰਿਆਣਾ 'ਚ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਘੱਟੋ-ਘੱਟ ਤਾਪਮਾਨ ਪੰਜਾਬ ਵਿਚ 3 ਡਿਗਰੀ ਫਰੀਦਕੋਟ ਅਤੇ ਹਰਿਆਣਾ ਦੇ ਸੋਨੀਪਤ ਵਿਚ 4 ਡਿਗਰੀ ਤਾਪਮਾਨ ਰਿਹਾ |
ਅੰਮਿ੍ਤਸਰ, (ਹਰਮਿੰਦਰ ਸਿੰਘ)-ਇਸ ਦੇ ਨਾਲ ਹੀ ਦੋਵੇਂ ਸੂਬਿਆਂ ਦੇ ਕਈ ਹਿੱਸਿਆਂ 'ਚ 24 ਅਤੇ 25 ਜਨਵਰੀ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ | ਤਾਪਮਾਨ ਨੂੰ ਲੈ ਕੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 24 ਘੰਟਿਆਂ ਦੇ ਦੌਰਾਨ ਘੱਟ ਤੋਂ ਘੱਟ ਤਾਪਮਾਨ 'ਚ ਕੋਈ ਵਧੇਰੇ ਬਦਲਾਅ ਨਾ ਹੋਣ ਦੀ ਸੰਭਾਵਨਾ ਹੈ | ਇਸ ਦੇ ਬਾਅਦ ਅਗਲੇ 48 ਘੰਟਿਆਂ 'ਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ |
ਭਾਰੀ ਮੀਂਹ, ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਚਿਤਾਵਨੀ
ਅਜੀਤ ਡੈਸਕ
22-01-2026