ਸ਼ਿਮਲਾ, 21 ਜਨਵਰੀ (ਯੂ. ਐਨ. ਆਈ.)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਅੱਜ ਮਨੁੱਖੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ | ਇਸ ਸੰਬੰਧੀ ਈਮੇਲ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਹੈ | ਜਿਸ ਵਿਚ ਕਿਹਾ ਗਿਆ ਹੈ ਕਿ ਜੇ ਹਿਮਾਚਲ ਦੇ ਮੁੱਖ ਮੰਤਰੀ ਗਣਤੰਤਰ ਦਿਵਸ 'ਤੇ ਤਿਰੰਗਾ ਲਹਿਰਾਉਣਗੇ ਤਾਂ ਉਨ੍ਹਾਂ ਨੂੰ ਮਨੁੱਖੀ ਬੰਬ ਨਾਲ ਧਮਾਕਾ ਕਰ ਕੇ ਉਡਾ ਦਿੱਤਾ ਜਾਵੇਗਾ | ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਹਿਮਾਚਲ ਪ੍ਰਦੇਸ਼ ਪੁਲਿਸ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਮਨੁੱਖੀ ਬੰਬ ਹਮਲੇ ਦੀ ਧਮਕੀ ਵਾਲੀ ਈਮੇਲ ਦੀ ਜਾਂਚ ਕਰ ਰਹੀ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਇਹ ਈਮੇਲ ਸ਼ਿਮਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਅਧਿਕਾਰਤ ਈਮੇਲ ਆਈ.ਡੀ. 'ਤੇ ਪ੍ਰਾਪਤ ਹੋਇਆ ਸੀ | ਇਹ ਵੀ ਪਤਾ ਲੱਗਿਆ ਹੈ ਕਿ ਇਸ ਸੰਬੰਧੀ ਸ਼ਿਮਲਾ 'ਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ | ਪੁਲਿਸ ਇਸ ਈਮੇਲ ਦੇ ਸਰੋਤ ਦਾ ਪਤਾ ਲਾਉਣ ਵਿਚ ਜੁਟ ਗਈ ਹੈ |