ਫ਼ੌਜ ਮੁਖੀ ਆਸਿਮ ਮੁਨੀਰ ਵਲੋਂ ਅੱਤਵਾਦੀ ਕਮਾਂਡਰਾਂ ਨਾਲ ਗੁਪਤ ਬੈਠਕ
ਸੁਰਿੰਦਰ ਕੋਛੜ
ਅੰਮਿ੍ਤਸਰ, 21 ਜਨਵਰੀ-ਸਰਹੱਦ ਪਾਰ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਬੀਤੇ ਦਿਨੀਂ ਪਾਕਿ ਆਧਾਰਿਤ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹਾਂ ਦੇ ਚੋਟੀ ਦੇ ਕਮਾਂਡਰਾਂ ਨਾਲ ਗੁਪਤ ਬੈਠਕ ਕੀਤੀ | ਜਿਸ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੈਠਕ ਦੌਰਾਨ ਮੁਨੀਰ ਨੇ ਅੱਤਵਾਦੀ ਕਮਾਂਡਰਾਂ ਨੂੰ ਭਾਰਤ 'ਚ ਮੁੰਬਈ ਹਮਲਿਆਂ ਦੀ ਤਰਜ਼ 'ਤੇ ਹਮਲੇ ਕਰਨ ਲਈ ਕਿਹਾ ਹੈ | ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਹਮਲਾਵਰਾਂ ਨੂੰ ਅਫ਼ਗਾਨ ਪਹਿਚਾਣ ਨਾਲ ਭਾਰਤ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ | ਇਸ ਤੋਂ ਪਹਿਲਾਂ ਅਮਰੀਕਾ ਦੁਆਰਾ ਨਾਮਜ਼ਦ ਗਲੋਬਲ ਅੱਤਵਾਦੀ ਅਤੇ ਲਸ਼ਕਰ-ਏ-ਤਾਇਬਾ ਕਮਾਂਡਰ ਹਾਫ਼ਿਜ਼ ਅਬਦੁਲ ਰਾਊਫ ਨੇ ਸੰਬੋਧਨ ਦੌਰਾਨ ਕਸ਼ਮੀਰ 'ਚ ਪਹਿਲਾਂ ਨਾਲੋਂ ਵੀ ਵੱਧ ਦਹਿਸ਼ਤ ਫ਼ੈਲਾਉਣ ਦੀ ਗੱਲ ਕੀਤੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਹਿੰਸਾ ਭੜਕਾਉਣ ਦੇ ਆਪਣੇ ਇਰਾਦੇ ਜ਼ਾਹਿਰ ਕੀਤੇ | ਉਸ ਨੇ ਆਪਣੇ ਸੰਬੋਧਨ ਦੌਰਾਨ ਲਸ਼ਕਰ-ਏ-ਤਾਇਬਾ ਦੇ ਸਹਿ-ਸੰਸਥਾਪਕ ਅਤੇ ਮੁੰਬਈ ਹਮਲਿਆਂ ਦੇ ਸਾਜਿਸ਼ਕਾਰ ਹਾਫ਼ਿਜ਼ ਸਈਦ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਦਾ ਐਲਾਨ ਦੁਹਰਾਉਂਦਿਆਂ ਕਿਹਾ ਕਿ ਅਸੀਂ ਦਿੱਲੀ ਨੂੰ ਜਿੱਤਾਂਗੇ ਅਤੇ ਗਜ਼ਵਾ-ਏ-ਹਿੰਦ 'ਚ ਸਫਲ ਹੋਵਾਂਗੇ | ਉਸ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਭਾਰਤੀ ਹਮਲੇ 'ਚ ਮਾਰੇ ਗਏ ਅੱਤਵਾਦੀ ਕਮਾਂਡਰਾਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਸਮੂਹਾਂ ਨੂੰ ਇੱਕਜੁੱਟ ਹੋ ਕੇ ਭਾਰਤ ਨਾਲ ਲੜਨਾ ਚਾਹੀਦਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਮੌਲਾਨਾ ਹਾਫ਼ਿਜ਼ ਸਈਦ ਦੀ ਅਗਵਾਈ ਵਾਲਾ ਲਸ਼ਕਰ-ਏ-ਤਾਇਬਾ ਸਮੂਹ ਪਾਕਿ 'ਚ ਜਲ ਅੱਤਵਾਦੀ ਨੈੱਟਵਰਕ ਨੂੰ ਸਰਗਰਮ ਕਰ ਰਿਹਾ ਹੈ | ਖ਼ੁਫ਼ੀਆ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਲਸ਼ਕਰ ਅਤੇ ਇਸ ਦਾ ਸਹਿਯੋਗੀ ਸੰਗਠਨ ਜੇ. ਕੇ. ਯੂ. ਐੱਮ. (ਜੰਮੂ-ਕਸ਼ਮੀਰ ਯੂਨਾਈਟਿਡ ਮੂਵਮੈਂਟ) ਯੋਜਨਾਬੱਧ ਢੰਗ ਨਾਲ ਪੂਰੇ ਪਾਕਿਸਤਾਨ 'ਚ ਵਿਸ਼ਾਲ ਗੁਪਤ ਜਲ ਅੱਤਵਾਦੀ ਸਮਰੱਥਾ ਬਣਾ ਰਿਹਾ ਹੈ | ਇਨ੍ਹਾਂ ਅੱਤਵਾਦੀ ਸੰਗਠਨਾਂ ਵਲੋਂ ਇਸ ਨੈੱਟਵਰਕ ਨੂੰ ਖ਼ਾਸ ਤੌਰ 'ਤੇ ਘੁਸਪੈਠ ਅਤੇ ਸਮੁੰਦਰੀ ਅੱਤਵਾਦੀ ਹਮਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿ ਦੇ ਮੁਰੀਦਕੇ ਸ਼ਹਿਰ ਵਿਖੇ ਲਸ਼ਕਰ-ਏ-ਤਾਇਬਾ ਹੈੱਡਕੁਆਰਟਰ ਦੀ ਹੋਈ ਤਬਾਹੀ ਤੋਂ ਬਾਅਦ ਅੱਤਵਾਦੀ ਸੰਗਠਨ ਮੁੜ ਉੱਭਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਜੈਸ਼ ਆਪਣੀ ਇਕ ਮਹਿਲਾ ਬਿ੍ਗੇਡ ਵੀ ਤਿਆਰ ਕਰ ਰਿਹਾ ਹੈ ਅਤੇ ਇਸਨੂੰ ਜਮਾਤ ਉਲ-ਮੁਮਿਨਤ ਦਾ ਨਾਂਅ ਦਿੱਤਾ ਗਿਆ ਹੈ | ਜੈਸ਼ ਨੇ ਇਨ੍ਹਾਂ ਔਰਤਾਂ ਦੀ ਭਰਤੀ ਲਈ ਇਕ ਆਨਲਾਈਨ ਜਿਹਾਦੀ ਕੋਰਸ ਤੁਫਾਤ ਅਲ-ਮੁਮਿਨਤ ਵੀ ਸ਼ੁਰੂ ਕੀਤਾ ਹੈ | ਇਸਦੀ ਅਗਵਾਈ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੀਆਂ ਭੈਣਾਂ ਅਤੇ ਉਮਰ ਫ਼ਾਰੂਕ ਦੀ ਪਤਨੀ ਕਰ ਰਹੀਆਂ ਹਨ |
ਲਸ਼ਕਰ ਤੇ ਜੈਸ਼ ਸਮੂਹਾਂ ਨਾਲ ਮਿਲ ਕੇ ਭਾਰਤ 'ਤੇ ਹਮਲੇ ਦੀ ਯੋਜਨਾ ਬਣਾ ਰਹੀ ਹੈ ਪਾਕਿ ਫ਼ੌਜ
ਅਜੀਤ ਡੈਸਕ
22-01-2026