ਸੁਲਤਾਨਪੁਰ ਲੋਧੀ, 8 ਦਸੰਬਰ (ਨਰੇਸ਼ ਹੈਪੀ)-ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਵਿਰੋਧੀ ਧੜੇ 'ਤੇ ਨਸ਼ਿਆਂ ਤੇ ਗੁੰਡਾਗਰਦੀ ਨੂੰ ਪ੍ਰਫੁੱਲਿਤ ਕਰਨ ਦੇ ਸੰਗੀਨ ਦੋਸ਼ ਲਗਾਏ | ਉਨ੍ਹਾਂ ਇਸ ਸਬੰਧੀ ਇੱਕ ਵੀਡੀਓ ਜਾਰੀ ਕਰਕੇ ਪਹਿਲਾਂ ਤਾਂ ਹਲਕਾ ਸੁਲਤਾਨਪੁਰ ਲੋਧੀ ਦੇ ਅੰਤਰਰਾਸ਼ਟਰੀ ਤੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ | ਉਪਰੰਤ ਵਿਰੋਧੀ ਧੜੇ ਤੇ ਦੋਸ਼ ਲਗਾਇਆ ਹੈ ਕਿ ਪਿਛਲੇ 20 ਸਾਲਾਂ ਤੋਂ ਕਪੂਰਥਲਾ ਹਲਕੇ ਵਿਚ ਇਕ ਵੀ ਅੰਤਰਰਾਸ਼ਟਰੀ ਜਾਂ ਨੈਸ਼ਨਲ ਪੱਧਰ ਦਾ ਖਿਡਾਰੀ ਪੈਦਾ ਨਹੀਂ ਹੋ ਸਕਿਆ ਕਿਉਂਕਿ ਨੌਜਵਾਨਾਂ ਨੂੰ ਖੇਡਾਂ ਤੋਂ ਤੋੜ ਕੇ ਗ਼ਲਤ ਪਾਸੇ ਤੋਰਿਆ ਗਿਆ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਹੁਣ ਹਲਕਾ ਸੁਲਤਾਨਪੁਰ ਲੋਧੀ ਵਿਚ ਵੀ ਕਿਤੇ ਕਪੂਰਥਲਾ ਹਲਕੇ ਵਾਂਗ ਨਾ ਹੋਵੇ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਚੇਤ ਹੋ ਜਾਓ | ਉਨ੍ਹਾਂ ਕਿਹਾ ਕਿ ਤੁਹਾਡੇ ਨੌਜਵਾਨਾਂ ਦੇ ਹੱਥਾਂ ਵਿਚ ਧੜਾ ਧੜ ਲਾਇਸੈਂਸ ਬਣਵਾ ਕੇ ਦੇਣ ਦੇ ਲਾਲਚ ਦਿੱਤੇ ਜਾਣਗੇ ਅਤੇ ਜਿਨ੍ਹਾਂ ਹੱਥਾਂ ਵਿਚ ਵਾਲੀਬਾਲ, ਬਾਸਕਟਬਾਲ ਤੇ ਹਾਕੀ ਆਦਿ ਖੇਡਾਂ ਦਾ ਸਮਾਨ ਚਾਹੀਦਾ ਸੀ, ਉਨ੍ਹਾਂ ਹੱਥਾਂ ਵਿਚ ਨਸ਼ਾ ਦਿੱਤਾ ਜਾ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵਿਰੋਧੀ ਧਿਰ ਦੇ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਜਿੱਤ ਹਾਸਲ ਕਰਨ ਲਈ ਉਹ ਕੋਈ ਵੀ ਹੱਥਕੰਡਾ ਅਪਣਾ ਸਕਦੇ ਹਨ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਜਿਹੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ |