ਸੁਲਤਾਨਪੁਰ ਲੋਧੀ, 2 ਦਸੰਬਰ (ਪ.ਪ.)-ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਸਮਰਪਿਤ ਰਹੇ ਨੌਜਵਾਨ ਆਗੂ ਜਥੇਦਾਰ ਸਤਨਾਮ ਸਿੰਘ ਰਾਮੇ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜ਼ੋਨ ਭਰੋਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ | ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਦੇ ਹਲਕਾ ਆਬਜ਼ਰਵਰ ਜਰਨੈਲ ਸਿੰਘ ਵਾਹਦ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹੋਰ ਸੀਨੀਅਰ ਆਗੂਆਂ ਨਾਲ ਇੱਕ ਵਿਸਥਾਰਪੂਰਵਕ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਜ਼ੋਨ ਭਰੋਆਣਾ ਤੋਂ ਸਤਨਾਮ ਸਿੰਘ ਰਾਮੇ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ | ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਤਨਾਮ ਸਿੰਘ ਜੋ ਕਿ ਇਸੇ ਜ਼ੋਨ ਦੇ ਪਿੰਡ ਰਾਮੇ ਨਾਲ ਸਬੰਧਿਤ ਨੇ ਤੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਪੂਰੀ ਮਜ਼ਬੂਤੀ ਨਾਲ ਚੋਣ ਲੜੇਗਾ ਤੇ ਪੰਜਾਬ ਦੀ ਸੱਤਾ ਵਿਚ ਮੁੜ ਉੱਭਰੇਗਾ | ਉਨ੍ਹਾਂ ਨੇ ਕਿਹਾ ਕਿ ਜ਼ੋਨ ਭਰੋਆਣਾ ਤੋਂ ਜਥੇਦਾਰ ਸਤਨਾਮ ਸਿੰਘ ਰਾਮੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ, ਜਿਸ ਦੇ ਲਈ ਉਹ ਖ਼ੁਦ ਪਾਰਟੀ ਵਰਕਰਾਂ ਨੂੰ ਨਾਲ਼ ਲੈ ਕੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ | ਇਸ ਮੌਕੇ ਸੀਨੀਅਰ ਆਗੂ ਦਰਬਾਰਾ ਸਿੰਘ ਵਿਰਦੀ, ਅਰੁਣਦੀਪ ਸਿੰਘ ਸੈਦਪੁਰ, ਸੁਖਵਿੰਦਰ ਸਿੰਘ ਨਾਨਕਪੁਰ, ਕੁਲਦੀਪ ਸਿੰਘ ਬੂਲੇ, ਸਿਮਰਪ੍ਰੀਤ ਸਿੰਘ ਮੋਮੀ, ਕਮਲਨੈਣ ਸਿੰਘ, ਅਮਰਜੀਤ ਸਿੰਘ ਕੋਲੀਆਂਵਾਲ, ਵਿਪਨਦੀਪ ਸਿੰਘ, ਰਣਜੀਤ ਸਿੰਘ ਤੇ ਹੋਰ ਆਗੂ ਮੌਜੂਦ ਸਨ |