28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਫਿਨਲੈਂਡ ਦੀਆਂ ਨਵੀਆਂ ਸਿੱਖਿਆ ਤਕਨੀਕਾਂ ਬੱਚਿਆਂ 'ਚ ਨਵੀਂ ਊਰਜਾ ਦਾ ਸੰਚਾਰ ਕਰਨਗੀਆਂ-ਰਚਨਾ ਪੁਰੀ <br/>

ਅਜੀਤ ਡੈਸਕ 03-12-2025

  ਕਪੂਰਥਲਾ, 2 ਦਸੰਬਰ (ਅਮਰਜੀਤ ਕੋਮਲ)-ਫਿਨਲੈਂਡ ਦੇ ਪ੍ਰਾਇਮਰੀ ਸਿੱਖਿਆ ਮਾਡਲ ਨੂੰ ਗਲੋਬਲੀ ਮੰਨਿਆ ਜਾਂਦਾ ਹੈ ਤੇ ਇੱਥੋਂ ਦਾ ਅਰਲੀ ਚਾਈਲਡ ਕੇਅਰ ਮਾਡਲ ਵੀ ਪੂਰੀ ਦੁਨੀਆ ਵਿਚ ਬਹੁਤ ਸਫਲ ਮਾਡਲ ਵਜੋਂ ਜਾਣਿਆ ਜਾਂਦਾ ਹੈ | ਇਹ ਪ੍ਰਗਟਾਵਾ ਰਚਨਾ ਪੁਰੀ ਈ.ਟੀ.ਟੀ. ਅਧਿਆਪਕਾ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਜੋ ਬੀਤੇ ਦਿਨੀਂ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਟੁਰਕੂ ਵਿਚ ਸਿੱਖਿਆ ਵਿਭਾਗ ਦੇ 72 ਅਧਿਆਪਕਾਂ ਨਾਲ ਟੀਚਰ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਵਾਪਸ ਪਰਤੇ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਫਿਨਲੈਂਡ ਦੇ ਸਿੱਖਿਆ ਮਾਡਲ ਵਿਚ ਜਿਹੜੀ ਤਕਨੀਕ ਦੀ ਉਹ ਵਰਤੋਂ ਕਰਦੇ ਹਨ, ਉਸ ਤਕਨੀਕ ਨੂੰ ਸਮਝਣ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਇਸ ਟ੍ਰੇਨਿੰਗ ਲਈ ਭੇਜਿਆ ਗਿਆ ਸੀ | ਉਨ੍ਹਾਂ ਕਿਹਾ ਕਿ ਉੱਥੋਂ ਦੀਆਂ ਕੁੱਝ ਨਿਵੇਕਲੀਆਂ ਸਿੱਖਿਆ ਸਬੰਧੀ ਨਵੀਆਂ ਤਕਨੀਕਾਂ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਵਿਚ ਲਿਆਵਾਂਗੇ, ਜੋ ਸਕੂਲ ਦੇ ਬੱਚਿਆਂ ਵਿਚ ਨਵੀਂ ਊਰਜਾ ਦਾ ਸੰਚਾਰ ਕਰਨਗੀਆਂ | ਰਚਨਾ ਪੁਰੀ ਨੇ ਕਿਹਾ ਕਿ ਫਿਨਲੈਂਡ ਵਿਚ ਜਿਹੜੀ ਤਕਨਾਲੋਜੀ ਸਿੱਖਿਆ ਖੇਤਰ ਵਿਚ ਵਰਤੀ ਜਾਂਦੀ ਹੈ, ਉਹ ਸਾਡੇ ਨਾਲੋਂ ਕੁੱਝ ਬਿਹਤਰ ਹੈ, ਪਰ ਜੇ ਅਸੀਂ ਇੱਥੇ ਝਾਤ ਮਾਰੀਏ ਤਾਂ ਸਾਡੇ ਦੇਸ਼ ਵਿਚ ਕੁਦਰਤੀ ਸਾਧਨਾਂ ਦੀ ਕੋਈ ਕਮੀ ਨਹੀਂ, ਜਿਹੜੇ ਸਾਧਨ ਸਾਡੇ ਕੋਲ ਹਨ, ਜੇ ਅਸੀਂ ਉਨ੍ਹਾਂ ਦੀ ਸੁਚਾਰੂ ਤਰੀਕੇ ਨਾਲ ਵਰਤੋਂ ਕਰੀਏ ਤਾਂ ਅਸੀਂ ਸਿੱਖਿਆ ਦੇ ਖੇਤਰ ਵਿਚ ਹੋਰ ਬਿਹਤਰ ਕਾਰਗੁਜ਼ਾਰੀ ਦਿਖਾ ਸਕਦੇ ਹਾਂ | ਉਨ੍ਹਾਂ ਕਿਹਾ ਕਿ ਉਹ ਇਸ ਟਰੇਨਿੰਗ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਪੂਰਥਲਾ ਜ਼ਿਲ੍ਹੇ ਦੇ ਇਕੱਲੇ ਪ੍ਰਾਇਮਰੀ ਅਧਿਆਪਕ ਸਨ | ਰਚਨਾ ਪੁਰੀ ਨੇ ਕਿਹਾ ਕਿ ਇਸ ਟਰੇਨਿੰਗ ਪ੍ਰੋਗਰਾਮ ਵਿਚ ਜਾਣ ਤੋਂ ਪਹਿਲਾਂ ਸਾਡੀ ਇਕ ਹਫ਼ਤੇ ਦੀ ਟਰੇਨਿੰਗ ਚੰਡੀਗੜ੍ਹ ਵਿਚ ਹੋਈ ਤੇ ਇਸ ਟਰੇਨਿੰਗ ਵਿਚ ਯੂਨੀਵਰਸਿਟੀ ਆਫ਼ ਟੁਰਕੂ ਦੇ ਮਾਹਿਰ ਮੈਂਟਰ ਨੇ ਸਾਨੂੰ ਫਿਨਲੈਂਡ ਦੇ ਟੀਚਰ ਟਰੇਨਿੰਗ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਸ ਤੋਂ ਬਾਅਦ ਅਸੀਂ ਆਪਣਾ ਪ੍ਰੋਜੈਕਟ ਸਬਮਿਟ ਕੀਤਾ ਤੇ ਇਸ ਪ੍ਰੋਜੈਕਟ 'ਤੇ ਆ ਕੇ ਸਕੂਲ ਵਿਚ ਇਕ ਹਫ਼ਤਾ ਕੰਮ ਕੀਤਾ | ਉਨ੍ਹਾਂ ਕਿਹਾ ਕਿ ਫਿਨਲੈਂਡ ਵਿਚ ਜਾ ਕੇ ਸਾਡੇ ਇਕ ਬੈਚ ਦੀ ਟਰੇਨਿੰਗ ਟੁਰਕੂ ਯੂਨੀਵਰਸਿਟੀ ਵਿਚ ਤੇ ਦੂਜੇ ਬੈਚ ਦੀ ਟਰੇਨਿੰਗ ਰੋਮਾ ਸਿਟੀ ਦੇ ਦੁਨੀਆ ਵਿਚ ਨਾਮਵਰ ਟੀਚਰ ਟਰੇਨਿੰਗ ਸਕੂਲ ਵਿਚ ਹੋਈ | ਉਨ੍ਹਾਂ ਕਿਹਾ ਕਿ ਫਿਨਲੈਂਡ ਹੈਪੀਨੈਸ ਇੰਡੈੱਕਸ ਤੇ ਪ੍ਰਾਇਮਰੀ ਸਿੱਖਿਆ ਵਿਚ ਨੰਬਰ 1 ਹੈ, ਕਿਉਂਕਿ ਉੱਥੇ ਸਾਰਾ ਕੁੱਝ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਿਹੜਾ ਪ੍ਰੋਜੈਕਟ ਮੈਂ ਲਿਆ ਸੀ, ਉਸ 'ਤੇ ਮੈਂ ਆਪਣੇ ਸਕੂਲ ਵਿਚ ਪਹਿਲਾਂ ਹੀ ਕੰਮ ਕਰ ਰਹੀ ਹਾਂ | ਰਚਨਾ ਪੁਰੀ ਨੇ ਕਿਹਾ ਕਿ ਅਸੀਂ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਨਹੀਂ ਕਰਦੇ, ਉੱਥੋਂ ਦੇ ਲੋਕ ਤਾਂ ਸਾਡੇ ਨਾਲੋਂ ਕਿਤੇ ਅੱਗੇ ਹਨ, ਉਹ 6 ਕੂੜੇਦਾਨ ਵਿਚ ਵੱਖ-ਵੱਖ ਤਰ੍ਹਾਂ ਦਾ ਕੂੜਾ ਪਾਉਂਦੇ ਹਨ ਤੇ ਬੱਚਿਆਂ ਨੂੰ ਇਹ ਆਦਤ ਬਚਪਨ ਤੋਂ ਹੀ ਸਿਖਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਮੈਂ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਆਪਣੇ ਸਕੂਲ, ਸੁਸਾਇਟੀ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੰਮ ਕਰਾਂਗੀ | ਉਨ੍ਹਾਂ ਕਿਹਾ ਕਿ ਮੈਂ ਟੀਚਰ ਟਰੇਨਿੰਗ ਪ੍ਰੋਗਰਾਮ ਵਿਚ ਪ੍ਰਾਪਤ ਕੀਤਾ ਗਿਆਨ ਆਪਣੇ ਅਧਿਆਪਕ ਸਾਥੀਆਂ ਨੂੰ ਦੇਣ ਲਈ ਹਰ ਸੰਭਵ ਯਤਨ ਕਰਾਂਗੀ | ਉਨ੍ਹਾਂ ਅਧਿਆਪਕਾਂ ਨੂੰ ਇਸ ਟਰੇਨਿੰਗ ਪ੍ਰੋਗਰਾਮ ਵਿਚ ਭੇਜਣ ਲਈ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਤੇ ਬਲਾਕ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਉਹ ਇਸ ਟਰੇਨਿੰਗ ਵਿਚ ਸ਼ਮੂਲੀਅਤ ਕਰ ਸਕੇ | ਇਸ ਟਰੇਨਿੰਗ ਵਿਚ ਪੰਜਾਬ ਦੀ ਸਿੱਖਿਆ ਵਿਭਾਗ ਦੀ ਸਕੱਤਰ ਅਨਿਨਦਿੱਤਾ ਮਿੱਤਰਾ, ਐਸ.ਸੀ.ਈ.ਆਰ.ਟੀ. ਦੇ ਡਿਪਟੀ ਸੈਕਟਰੀ ਹਰਪ੍ਰੀਤ ਸਿੰਘ ਪੀ.ਸੀ.ਐਸ. ਤੇ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਅਨੁਰਾਗ ਕੁੰਡੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਲਾਕ ਸੰਮਤੀ ਲਈ ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਕਿਰਤ ਕੋਡਾਂ ਤੇ ਮੁਲਾਜ਼ਮਾਂ 'ਤੇ ਦਰਜ ਝੂਠੇ ਕੇਸ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।