ਕਪੂਰਥਲਾ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਮਜ਼ਦੂਰ ਵਿਰੋਧੀ ਕਿਰਤ ਕੋਡਾਂ ਤੇ ਦਿੱਲੀ ਪੁਲਿਸ ਦੀਆਂ ਦਮਨਕਾਰੀਆਂ ਕਾਰਵਾਈਆਂ ਦੇ ਵਿਰੋਧ ਵਿਚ ਮਜ਼ਦੂਰ ਵਿਰੋਧੀ ਕਿਰਤ ਕੋਡਾਂ ਤੇ ਮੁਲਾਜ਼ਮਾਂ 'ਤੇ ਦਰਜ ਕੀਤੀਆਂ ਐਫ.ਆਈ.ਆਰ. ਦੀਆਂ ਕਾਪੀਆਂ ਸਾੜ ਕੇ ਰੋਸ ਵਿਖਾਵਾ ਕੀਤਾ | ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਦਿੱਲੀ ਪੁਲਿਸ ਦੇ ਇਸ਼ਾਰੇ 'ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਜਿਨ੍ਹਾਂ ਵਿਚ ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਦੇ ਕੌਮੀ ਆਗੂ ਸਰਵਜੀਤ ਸਿੰਘ, ਉੱਤਰੀ ਰੇਲਵੇ ਕਰਮਚਾਰੀ ਯੂਨੀਅਨ ਦੇ ਜ਼ੋਨਲ ਕਾਰਜਕਾਰੀ ਪ੍ਰਧਾਨ ਰੁਪੇਸ਼ ਕੁਮਾਰ, ਪੀ.ਬੀ.ਐਸ.ਐਸ. ਹਰਿਆਣਾ ਰਾਜ ਦੇ ਪ੍ਰਧਾਨ ਵੇਜਿੰਦਰ ਧਾਰੀਵਾਲ ਤੇ ਮੁਲਾਜ਼ਮ ਆਗੂ ਸੁਖਜੀਤ ਸਿੰਘ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਲੰਮਾ ਸਮਾਂ ਹਿਰਾਸਤ ਵਿਚ ਰੱਖਣ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਮੁਲਾਜ਼ਮਾਂ ਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ | ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਹੀਂ ਹੁੰਦੀ, ਰੇਲਵੇ ਮੁਲਾਜ਼ਮ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਣਗੇ | ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਪਰਮਜੀਤ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਚਾਰ ਕਿਰਤ ਕੋਡਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਲਾਗੂ ਕੀਤੇ ਜਾ ਰਹੇ ਕਿਰਤ ਵਿਰੋਧੀ ਕੋਡ ਮਜ਼ਦੂਰਾਂ ਤੇ ਕਰਮਚਾਰੀਆਂ ਦੇ ਹਿੱਤਾਂ 'ਤੇ ਸਿੱਧਾ ਹਮਲਾ ਹੈ | ਯੂਨੀਅਨ ਦੇ ਚੇਅਰਮੈਨ ਇੰਜ. ਦਰਸ਼ਨ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਮੁਲਾਜ਼ਮਾਂ 'ਤੇ ਜਬਰ ਢਾਹੁਣ ਦੀ ਕਾਰਵਾਈ ਉਨ੍ਹਾਂ ਦਾ ਮਨੋਬਲ ਨਹੀਂ ਢਾਹ ਸਕਦੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਜੰਤਰ ਮੰਤਰ ਨਵੀਂ ਦਿੱਲੀ ਵਿਚ ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਦਿੱਤੇ ਗਏ ਰੋਸ ਵਿਖਾਵੇ ਮੌਕੇ ਮੁਲਾਜ਼ਮਾਂ 'ਤੇ ਦਰਜ ਕੀਤੀਆਂ ਗਈਆਂ ਝੂਠੀਆਂ ਐਫ.ਆਈ.ਆਰ., ਮਜ਼ਦੂਰ ਵਿਰੋਧੀ ਕਿਰਤ ਕੋਡ ਤੁਰੰਤ ਰੱਦ ਕੀਤੇ ਜਾਣ | ਇਸ ਮੌਕੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ, ਜੁਆਇੰਟ ਸਕੱਤਰ ਜਸਪਾਲ ਸਿੰਘ ਸੇਖੋਂ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਵਧੀਕ ਸਕੱਤਰ ਅਮਰੀਕ ਸਿੰਘ ਗਿੱਲ, ਜਥੇਬੰਦਕ ਸਕੱਤਰ ਭਰਤ ਰਾਜ, ਜਗਤਾਰ ਸਿੰਘ, ਪ੍ਰਦੀਪ ਕੁਮਾਰ, ਨਰਿੰਦਰ ਕੁਮਾਰ, ਤਰਲੋਚਨ ਸਿੰਘ, ਅਰਵਿੰਦ ਕੁਮਾਰ ਸ਼ਾਹ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਭਾਨ ਸਿੰਘ, ਰਾਜਿੰਦਰ ਕੁਮਾਰ, ਸ਼ਿਵਰਾਜ ਮੀਨਾ, ਮੱਖਣ ਸਿੰਘ, ਸਿਮਰਨ, ਅਸ਼ਵਨੀ ਕੁਮਾਰ, ਅਨਿਲ ਕੁਮਾਰ, ਪੰਕਜ ਕੁਮਾਰ, ਵਰਿੰਦਰ ਸਿੰਘ, ਸੰਜੇ ਕੁਮਾਰ, ਗੁਰਜੀਤ ਕਲਸੀ ਆਦਿ ਹਾਜ਼ਰ ਸਨ |