ਕਪੂਰਥਲਾ, 18 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਦੇਸਲ ਵਿਖੇ ਜ਼ਮੀਨ ਦੀ ਵੱਟ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ ਤਿੰਨ ਵਿਅਕਤੀ ਜਖ਼ਮੀ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਦਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਦੇਸਲ ਨੇ ਦੱਸਿਆ ਕਿ ਉਹ ਖੇਤਾਂ ਵਿਚ ਗਿਆ ਸੀ ਤਾਂ ਉਸ ਦਾ ਗੁਆਂਢੀ ਜਤਿੰਦਰ ਸਿੰਘ ਤੇ ਉਸਦਾ ਲੜਕਾ ਗੋਪਾਲ ਸਿੰਘ ਉਨ੍ਹਾਂ ਦੇ ਖੇਤਾਂ ਵਿਚ ਟਰੈਕਟਰ ਲੈ ਕੇ ਉਨ੍ਹਾਂ ਦੀ ਫ਼ਸਲ ਨੂੰ ਖ਼ਰਾਬ ਕਰ ਰਿਹਾ ਸੀ, ਜਦੋਂ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੇਰੀ ਮਾਰਕੁੱਟ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ | ਇਸੇ ਤਰ੍ਹਾਂ ਦੂਜੀ ਧਿਰ ਦੇ ਜਤਿੰਦਰ ਸਿੰਘ ਤੇ ਉਸ ਦੇ ਲੜਕੇ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਜੇ.ਸੀ.ਬੀ. ਤੇ ਟਰੈਕਟਰ ਨਾਲ ਕੰਮ ਕਰ ਰਹੇ ਸਨ ਤੇ ਉਨ੍ਹਾਂ ਦਾ ਟਰੈਕਟਰ ਖੇਤਾਂ ਵਿਚ ਫ਼ਸ ਗਿਆ, ਜਿਸ ਨੂੰ ਕੱਢਦੇ ਸਮੇਂ ਦਵਿੰਦਰ ਸਿੰਘ ਨੇ ਸਾਡੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ 'ਤੇ ਹਮਲਾ ਕਰਕੇ ਸਾਨੂੰ ਜਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਵਲੋਂ ਦੋਵਾਂ ਧਿਰਾਂ ਦਾ ਇਲਾਜ ਜਾਰੀ ਹੈ | ਇਸ ਸਬੰਧੀ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |