ਫੱਤੂਢੀਂਗਾ, 6 ਨਵੰਬਰ (ਬਲਜੀਤ ਸਿੰਘ)-ਪਿਛਲੇ ਸਮੇਂ ਦੌਰਾਨ ਦਰਿਆ ਬਿਆਸ ਵਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਪਿੰਡ ਬਾਗੂਵਾਲ ਅਤੇ ਕੰਮੇਵਾਲ ਜਿਸ ਦੀ ਸੈਂਕੜੇ ਫਸਲ ਪਾਣੀ ਨਾਲ ਬਿਲਕੁਲ ਨਸ਼ਟ ਹੋ ਗਈ ਸੀ, ਇਨ੍ਹਾਂ ਪਿੰਡਾਂ ਦੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਪਸ਼ੂਆਂ ਦੇ ਚਾਰੇ ਘਰ ਦੇ ਰਾਸ਼ਨ ਸਮੇਤ ਸਮੇਂ-ਸਮੇਂ 'ਤੇ ਲੋੜ ਪੂਰੀ ਕੀਤੀ ਗਈ | ਇਸ ਤਰ੍ਹਾਂ ਹੀ ਪਿੰਡ ਘਣੀਏ ਕੇ ਦੇ ਹਰਮਨਜੀਤ ਸਿੰਘ ਔਜਲਾ ਦੇ ਉਦਮ ਨਾਲ ਪਿੰਡ ਪੈਂਚਾ ਤੋਂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਡਾ. ਨਿਸ਼ਾਂਤ ਰਤਨ, ਆਕਾਸ਼ ਸਿੰਘ, ਕਰਨਵੀਰ ਸਿੰਘ ਪਿੰਡ ਘਣੀਏ ਕੇ, ਖੁਸ਼ਪਾਲਜੀਤ ਸਿੰਘ ਔਜਲਾ, ਹਰਜਿੰਦਰ ਪੰਡਿਤ, ਦੁੱਲਾ ਪੰਡਿਤ ਵੱਲੋਂ ਇਹਨਾਂ ਦੋਵਾਂ ਪਿੰਡਾਂ ਦੇ ਕਿਸਾਨਾਂ ਦੇ ਕਣਕ ਦੀ ਬਿਜਾਈ ਲਈ ਡੀਏਪੀ ਦੀ ਖਾਦ ਦੇ 288 ਬੋਰੇ ਵੰਡੇ ਗਏ ਤਾਂ ਜੋ ਉਨ੍ਹਾਂ ਦੀ ਆਰਥਿਕ ਸਹਾਇਤਾ ਹੋ ਸਕੇ | ਇਸ ਮੌਕੇ ਹਰਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਇਸ ਮੁਸ਼ਕਲ ਸਮੇਂ ਤੇ ਪੀੜਤ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਹੈ ਤੇ ਉਨ੍ਹਾਂ ਅਤੇ ਉਸ ਦੇ ਜਾਣਕਾਰ ਸੱਜਣਾ ਵੀ ਇਸ ਮੌਕੇ ਲੋੜ ਅਨੁਸਾਰ ਆਪਣੀ ਹੈਸੀਅਤ ਅਨੁਸਾਰ ਸੇਵਾ ਕੀਤੀ ਹੈ | ਇਸ ਮੌਕੇ ਪਿੰਡ ਬਾਗੂਵਾਲ ਦੇ ਸਰਪੰਚ ਸੁਰਿੰਦਰ ਸਿੰਘ ਨੇ ਸਮੁੱਚੇ ਪਿੰਡ ਵੱਲੋਂ ਇਹਨਾਂ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਔਖੇ ਸਮੇਂ ਵਿਚ ਪਿੰਡ ਦੇ ਕਿਸਾਨਾਂ ਦੀ ਬਾਂਹ ਫੜੀ |