ਸੁਲਤਾਨਪੁਰ ਲੋਧੀ, 5 ਨਵੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਵੇਈਾ ਨਿਰਮਲ ਕੁਟੀਆ ਤੋਂ ਸ਼ੁਰੂ ਹੋਏ ਚੌਥੇ ਹਰੇ ਨਗਰ ਕੀਰਤਨ ਦੌਰਾਨ ਦੋ ਟਰਾਲੀਆਂ ਬੂਟਿਆਂ ਦੀਆਂ ਪ੍ਰਸ਼ਾਦ ਦੇ ਰੂਪ ਵਿਚ ਵੰਡੀਆਂ | ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਹੋਇਆ ਨਗਰ ਕੀਰਤਨ ਪਵਿੱਤਰ ਵੇਈਾ ਦਾ ਪੁਲ ਪਾਰ ਕਰਕੇ ਪਹਿਲੇ ਪੜਾਅ ਨਾਨਕ ਹੱਟ 'ਤੇ ਰੁਕਿਆ | ਇੱਥੋਂ ਸ਼ਹੀਦ ਊਧਮ ਸਿੰਘ ਚੌਕ, ਗੁਰਦੁਆਰਾ ਗੁਰੂ ਕਾ ਬਾਗ, ਚੌਂਕ ਚੇਲਿਆ, ਮੁਹੱਲਾ ਸਿੱਖਾਂ, ਬਾਬੇ ਨਾਨਕੀ ਪੁਰਾਤਨ ਘਰ, ਗੁਰਦੁਆਰਾ ਬੇਬੇ ਨਾਨਕੀ, ਗੁਰਦੁਆਰਾ ਸ਼੍ਰੀ ਹੱਟ ਸਾਹਿਬ, ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਬੱਸ ਅੱਡਾ ਤੇ ਘੰਟਾ ਘਰ ਚੌਂਕ ਤੋਂ ਹੁੰਦਾ ਹੋਇਆ ਤਲਵੰਡੀ ਚੌਧਰੀਆਂ ਪੁਲ ਪਾਰ ਕਰਕੇ ਮੁੜ ਵੇਈਾ ਕੰਢੇ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਗੁਰਪ੍ਰਕਾਸ਼ ਨਿਰਮਲ ਕੁਟੀਆ ਪਹੁੰਚਿਆ | ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ ਤੇ ਗੁਰਬਾਣੀ ਦਾ ਗਾਇਨ ਕੀਤਾ | ਨਿਹੰਗ ਸਿੰਘਾ ਦੀਆਂ ਛਾਉਣੀਆਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਪੰਜ ਸਦੀਆਂ ਪਹਿਲਾਂ ਹੀ ਗਲੋਬਲ ਵਾਰਮਿੰਗ ਤੋਂ ਬਚਣ ਦਾ ਸੱਦਾ ਦੇ ਦਿੱਤਾ ਸੀ | ਇਸ ਚੌਥੇ ਹਰੇ ਨਗਰ ਕੀਰਤਨ ਦੌਰਾਨ ਦੋ ਟਰਾਲੀਆਂ ਦੇ ਕਰੀਬ ਬੂਟਿਆਂ ਦਾ ਪ੍ਰਸ਼ਾਦ ਵੰਡਿਆ | ਪੂਰੇ ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਵਲੋਂ ਸੰਗਤਾਂ ਨੂੰ ਇਨ੍ਹਾਂ ਬੂਟਿਆਂ ਦੀ ਮਹੱਤਤਾ ਤੇ ਇਨ੍ਹਾਂ ਦਾ ਜ਼ਿੰਦਗੀ ਵਿਚ ਮਹੱਤਵ ਨੂੰ ਬਾਖ਼ੂਬੀ ਸਮਝਾਇਆ ਗਿਆ | ਸੰਗਤਾਂ ਵੱਲੋਂ ਰਾਤ ਨੂੰ ਪਵਿੱਤਰ ਵੇਈਾ ਕਿਨਾਰੇ ਦੀਪਮਾਲਾ ਕੀਤੀ ਗਈ ਤੇ ਕੀਰਤਨ ਦਰਬਾਰ ਸਜਾਇਆ ਗਿਆ | ਪੂਰੇ ਨਗਰ ਕੀਰਤਨ ਦੌਰਾਨ ਗਤਕੇ ਦੇ ਖਿਡਾਰੀਆਂ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਗਤਕੇ ਦੇ ਜੌਹਰ ਦਿਖਾਏ ਗਏ | ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ, ਕਾਲਜ ਅਤੇ ਨਵਾਂ ਨਨਕਾਣਾ ਸਕੂਲ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਦੌਰਾਨ ਵਾਤਾਵਰਨ ਦਾ ਬਚਾਉਣ ਦਾ ਸੁਨੇਹਾ ਦਿੱਤਾ ਗਿਆ |