ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)-ਪੰਜਾਬ ਦੀ 'ਆਪ' ਸਰਕਾਰ ਭਾਵੇਂ ਸੂਬੇ 'ਚ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਦਾਅਵੇ ਕਰ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਸਰਕਾਰ ਪਾਸ ਚੰਡੀਗੜ੍ਹ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਪੈਚ ਲਗਾਉਣ ਨੂੰ ਵੀ ਪੈਸੇ ਨਹੀਂ ਜਾਪ ਰਹੇ ਹਨ | ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਲੱਗਣ ਵਾਲੇ ਮੇਲੇ ਤੇ ਕਿਸੇ ਪ੍ਰਸ਼ਾਸਕ ਤੇ ਸਿਆਸੀ ਆਗੂ ਨੇ ਟੁੱਟੀ ਸੜਕ 'ਤੇ ਪਏ ਖੱਡਿਆਂ ਨੂੰ ਭਰਨਾ ਵੀ ਜਾਇਜ਼ ਨਹੀਂ ਸਮਝਿਆ | ਜਿਸ ਕਾਰਨ ਲੋਕ ਸਰਕਾਰ ਦੀ ਕਿਰਕਿਰੀ ਕਰ ਰਹੇ ਹਨ | ਪਰ ਅੱਜ ਇੱਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਰਦ ਆਇਆ ਤੇ ਉਨ੍ਹਾਂ ਲੋਕ ਹਿਤ ਨੂੰ ਮੁੱਖ ਰੱਖਦਿਆਂ ਨਿੱਜੀ ਉਪਰਾਲਾ ਕਰਕੇ ਕਰੀਬ ਡੇਢ ਕਿੱਲੋਮੀਟਰ ਸੜਕ ਨੂੰ ਪੈਚ ਲਗਾ ਕੇ ਲੋਕਾਂ ਦੇ ਮਨ ਨੂੰ ਸ਼ਾਂਤ ਕੀਤਾ ਹੈ | ਇੱਥੋਂ ਦੇ ਬੰਗਾ-ਚੰਡੀਗੜ੍ਹ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਪਿਛਲੇ ਕਈ ਸਾਲਾ ਤੋਂ ਟੁੱਟੀ ਪਈ ਹੈ ਇਸ ਸੜਕ 'ਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਮੰਦਿਰ ਸਥਿਤ ਹੈ ਜਿੱਥੇ 22-23 ਅਕਤੂਬਰ ਨੂੰ ਸੂਬੇ ਪੱਧਰ ਦਾ ਮੇਲਾ ਲੱਗਦਾ ਹੈ ਇਸ ਸੜਕ ਤੋਂ ਲੋਕਾਂ ਦਾ ਲੰਘਣਾ ਵੀ ਔਖਾ ਹੈ ਤੇ ਵੱਡੇ ਵੱਡੇ ਖੱਡੇ ਪਏ ਹਨ | ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ ਉਦੋਂ ਤੋਂ ਲਾਅਰੇ ਲੱਗਾ ਰਹੀ ਹੈ, ਪਰ ਸਰਕਾਰ ਪਾਸ 3 ਕਰੋੜ ਰੁਪਏ ਨਾ ਹੋਣ ਕਰਕੇ ਇਹ ਸੜਕ ਬਣਨੀ ਸ਼ੁਰੂ ਨਹੀਂ ਹੋ ਰਹੀ ਸੀ, ਜਿਸ ਤੋਂ ਵਿਸ਼ਵਕਰਮਾ ਮੰਦਿਰ ਦੇ ਪ੍ਰਬੰਧਕ ਵੀ ਪ੍ਰੇਸ਼ਾਨ ਸਨ ਕਿ ਮੇਰਾ ਸਿਰ 'ਤੇ ਹੈ ਪਰ ਸੜਕ ਦੀ ਰਿਪੇਅਰ ਨਹੀਂ ਹੋਈ, ਜਿਸ ਦਾ ਅੱਜ ਬੀੜਾ ਚੁੱਕ ਕੇ ਧਾਲੀਵਾਲ ਨੇ ਮੰਦਿਰ ਤੋਂ ਸ਼ਮਸ਼ਾਨਘਾਟ ਤੱਕ ਇਸ ਦੀ ਮੁਰੰਮਤ ਕਰਵਾਈ ਹੈ ਜਿਸ ਤੋਂ ਅੱਜ ਸ਼ਹਿਰ ਵਾਸੀ ਖ਼ੁਸ਼ ਹਨ | ਮੰਦਿਰ ਪ੍ਰਧਾਨ ਪ੍ਰਦੀਪ ਧੀਮਾਨ ਤੇ ਉਨ੍ਹਾਂ ਦੇ ਸਾਥੀਆਂ ਨੇ ਵਿਧਾਇਕ ਧਾਲੀਵਾਲ 'ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ | ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦਾ ਕੰਮ ਬੁਰੀ ਤਰ੍ਹਾਂ ਠੱਪ ਪਿਆ ਹੈ | ਕਾਂਗਰਸ ਸਰਕਾਰ ਨੇ ਬੰਗਾ ਰੋਡ ਦੀ ਸੜਕ ਲਈ 3 ਕਰੋੜ 41 ਲੱਖ ਰੁਪਏ ਮਨਜ਼ੂਰ ਕੀਤੇ ਸਨ ਪਰ ਆਪ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ ਜਿਸ ਕਾਰਨ ਇਹ ਮੁੱਖ ਸੜਕ ਤੇ ਪਲਾਹੀ ਰੋਡ ਦੀ ਸੜਕ ਟੁੱਟੀ ਪਈ ਹੈ ਜੋ ਸ਼ਹਿਰ ਦੀ ਸ਼ਾਨ ਨੂੰ ਨੁਕਸਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਇੱਥੇ ਆਪ ਦਾ ਯੋਗ ਆਗੂ ਨਹੀਂ ਹੈ ਜੋ ਲੋਕਾਂ ਦੇ ਮੁੱਦਿਆਂ ਨੂੰ ਉੱਪਰਲੇ ਪੱਧਰ 'ਤੇ ਉੱਠਾਂ ਕੇ ਸ਼ਹਿਰ ਦਾ ਵਿਕਾਸ ਕਰਵਾਵੇ | ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਕਰਵਾ ਕੇ ਮੇਰੇ ਮਨ ਨੂੰ ਸ਼ਾਂਤੀ ਮਹਿਸੂਸ ਹੋਈ ਹੈ | ਉਨ੍ਹਾਂ ਕਿਹਾ ਕਿ ਲੋਕ ਕਿੰਨੇ ਪ੍ਰੇਸ਼ਾਨ ਹਨ ਇਹ ਤਾਂ 2027 ਦੀਆਂ ਚੋਣਾਂ ਦੇ ਨਤੀਜੇ ਹੀ ਤਹਿ ਕਰਨਗੇ | ਇਸ ਮੌਕੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਮੁਨੀਸ਼ ਪ੍ਰਭਾਕਰ, ਮੰਦਿਰ ਕਮੇਟੀ ਪ੍ਰਧਾਨ ਪ੍ਰਦੀਪ ਧੀਮਾਨ, ਗੁਰਮੁਖ ਸਿੰਘ ਚਾਨਾ ਵੀ ਸ਼ਾਮਿਲ ਸਨ |