22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹੜ੍ਹ ਪ੍ਰਭਾਵਿਤ ਇਲਾਕੇ ਵਿਚ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਇਆ ਟਰੈਕਟਰਾਂ ਦਾ 'ਹੜ੍ਹ' ਸੰਤ ਸੀਚੇਵਾਲ ਦੀ ਅਪੀਲ ਦਾ ਅਸਰ-ਦਾਨੀ ਸੱਜਣ ਡੀਜ਼ਲ ਲੈ ਕੇ ਪਹੁੰਚਣ ਲੱਗੇ <br/>

ਮੰਡ ਖੇਤਰ ਬਾਊਪੁਰ ਦੇ ਰਾਮਪੁਰ ਗੋਰਾ ਦਾ ਬੰਨ੍ਹ ਬੰਨ੍ਹਣ ਲਈ ਸੇਵਾ ਕਰ ਰਹੇ ਵੱਖ-ਵੱਖ ਥਾਵਾਂ ਤੋਂ ਆਏ ਟਰੈਕਟਰ | (ਸੱਜੇ) ਪਿੰਡ ਸਿੱਧਵਾਂ ਦੋਨਾਂ ਦੀ ਸੰਗਤ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੂੰ ਹੜ੍ਹ ਪ੍ਰਭਾਵਿਤ ਖੇਤਰ ਲਈ 2300 ਲੀਟਰ ਡੀਜ਼ਲ ਦੇਣ ਮੌਕੇ | ਤਸਵੀਰਾਂ: ਲਾਡੀ ਸਟੂਡੀਓ <br/> 26-09-2025
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ)-ਬਾਊਪੁਰ ਮੰਡ ਵਿਚ ਹੜ੍ਹ ਨਾਲ ਕਿਸਾਨਾਂ ਦੇ ਖੇਤਾਂ ਵਿਚ ਚੜ੍ਹੀ ਰੇਤਾ ਤੇ ਗਾਰ ਨੂੰ ਹਟਾਉਣ ਲਈ ਵੱਡੀ ਗਿਣਤੀ ਵਿਚ ਚੱਲ ਰਹੇ ਟਰੈਕਟਰ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਹਨ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚੋਂ ਨੌਜਵਾਨ ਇਹ ਟਰੈਕਟਰ ਲੈ ਕੇ ਆਏ ਹੋਏ ਹਨ | ਕਿਸਾਨਾਂ ਦੇ ਖੇਤਾਂ ਵਿਚੋਂ ਰੇਤ ਕੱਢਣ ਲਈ ਇੱਕੋ ਸਮੇਂ 75 ਤੋਂ ਵੱਧ ਟਰੈਕਟਰ ਧੂੜ੍ਹਾਂ ਪੁੱਟ ਰਹੇ ਹਨ | ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਭਰ ਦੇ ਲੋਕਾਂ ਨੂੰ ਡੀਜ਼ਲ ਲਿਆਉਣ ਦੀ ਕੀਤੀ ਅਪੀਲ ਅਸਰ ਦਿਖਾਉਣ ਲੱਗ ਪਈ ਹੈ | ਬਾਊਪੁਰ ਮੰਡ ਇਲਾਕੇ ਵਿਚ ਖੇਤ ਪੱਧਰੇ ਕਰਨ ਲਈ ਆਉਣ ਵਾਲੇ ਨੌਜਵਾਨਾਂ 15 ਤੋਂ 20 ਟਰੈਕਟਰਾਂ ਦਾ ਟੋਲਾ ਲੈ ਕੇ ਆ ਰਹੇ ਹਨ | ਉਹ ਆਪਣੇ ਨਾਲ ਦੋ ਤੋਂ ਤਿੰਨ ਹਜ਼ਾਰ ਲੀਟਰ ਡੀਜ਼ਲ ਰੱਖਣ ਦੀ ਸਮਰੱਥਾ ਵਾਲਾ ਟੈਂਕਰ ਵੀ ਲਿਆ ਰਹੇ ਹਨ | ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਏ ਨੌਜਵਾਨ ਤਿੰਨ ਤੋਂ ਚਾਰ ਦਿਨ ਤੱਕ ਮੰਡ ਇਲਾਕੇ ਵਿਚ ਹੀ ਆਪਣੇ ਡੇਰੇ ਲਾ ਕੇ ਰੱਖਦੇ ਹਨ ਤੇ ਦਿਨ ਚੜ੍ਹਦੇ ਨੂੰ ਇਹ ਨੌਜਵਾਨ ਖੇਤਾਂ ਵਿਚੋਂ ਰੇਤਾ ਕੱਢਣ ਦੇ ਕੰਮ ਵਿਚ ਜੁੱਟ ਜਾਂਦੇ ਹਨ | ਜ਼ਿਕਰਯੋਗ ਹੈ ਕਿ ਬਾਊਪੁਰ ਮੰਡ ਇਲਾਕੇ ਵਿਚ 10 ਅਗਸਤ ਦੀ ਰਾਤ ਨੂੰ ਆਰਜ਼ੀ ਬੰਨ੍ਹ ਟੁੱਟਣ ਨਾਲ ਹੀ ਆਏ ਹੜ੍ਹ ਨੇ 17 ਪਿੰਡਾਂ ਦੀ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਸੀ | ਇਸ ਖਿੱਤੇ ਵਿਚ 3500 ਏਕੜ ਝੋਨੇ ਦੀ ਫ਼ਸਲ ਸੀ ਜਿਹੜੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ | ਬਾਊਪੁਰ ਮੰਡ ਵਿਚ ਲਗਾਤਾਰ 30 ਦਿਨ ਤੱਕ ਪਾਣੀ ਖੜਾ ਰਿਹਾ ਸੀ, ਜਿਸ ਕਾਰਨ ਜਿੱਥੇ ਫ਼ਸਲਾਂ ਤਬਾਹ ਹੋ ਗਈਆਂ ਸਨ ਉੱਥੇ ਕਿਸਾਨਾਂ ਦੇ ਪਸ਼ੂ ਧੰਨ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋ ਗਿਆ ਸੀ | ਅੱਜ ਸਿਧਵਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ ਵੱਲੋਂ 2300 ਲੀਟਰ ਡੀਜ਼ਲ ਦੀ ਸੇਵਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜਿਹੜੀ ਅਪੀਲ ਕੀਤੀ ਸੀ ਉਸ 'ਤੇ ਫੁੱਲ ਚੜ੍ਹਾਉਂਦੇ ਹੋਏ ਵਿਦੇਸ਼ਾਂ ਵਿਚ ਗਏ ਉਨ੍ਹਾਂ ਦੇ ਬੱਚਿਆ ਨੇ ਕਿਸਾਨਾਂ ਦੀ ਮਦਦ ਵਾਸਤੇ ਡੀਜ਼ਲ ਭੇਜਣ ਦਾ ਫ਼ੈਸਲਾ ਕੀਤਾ ਸੀ | ਅੱਜ 2300 ਲੀਟਰ ਡੀਜ਼ਲ ਬਾਊਪੁਰ ਮੰਡ ਪਹੁੰਚਦਾ ਕੀਤਾ | ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਬਰਨਾਲੇ ਤੋਂ ਨੌਜਵਾਨ 15 ਟਰੈਕਟਰ, ਰਾਜਸਥਾਨ ਦੇ ਲਛਮਣਗੜ੍ਹ ਤੋਂ ਮੁਸਲਿਮ ਭਾਈਚਾਰੇ ਵੱਲੋਂ ਰਾਸ਼ਨ ਤੇ 50 ਹਜ਼ਾਰ ਦੀ ਡੀਜ਼ਲ ਲਈ ਸੇਵਾ, ਜਲੰਧਰ ਤੋਂ ਨੌਜਵਾਨਾਂ ਵੱਲੋਂ 600 ਲੀਟਰ ਡੀਜ਼ਲ ਦੀ ਸੇਵਾ ਤੇ ਪਸ਼ੂਆਂ ਲਈ 200 ਗੱਠਾਂ ਚੋਕਰ, ਪਿੰਡ ਭੂਤਘੜ ਜ਼ਿਲ੍ਹਾ ਪਟਿਆਲਾ, ਜੈਮਲ ਸਿੰਘ ਮੋਗਾ ਤੋਂ, ਪਿੰਡ ਮਾਂਗੇ ਬਰਨਾਲੇ ਤੋਂ, ਕਪੂਰਥਲੇ ਦੇ ਪਿੰਡ ਖੀਰਾਂਵਾਲੀ, ਜਹਾਂਗੀਰ, ਨੂਰਪੁਰ, ਜ਼ਿਲ੍ਹਾ ਸੰਗਰੂਰ ਤੋਂ, ਲੁਧਿਆਣਾ ਤੇ ਹੋਰ ਵੀ ਦੇਸ਼ ਭਰ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਲੋਕ ਟਰੈਕਟਰ ਤੇ ਡੀਜ਼ਲ ਦੀ ਸੇਵਾ ਲੈ ਕੇ ਪਹੁੰਚ ਰਹੇ ਹਨ |

ਪਿਛਲੀ ਖ਼ਬਰ ਹਾਈ ਕੋਰਟ ਨੇ ਕਪੂਰਥਲਾ ਦੇ ਐੱਸ. ਐੱਸ. ਪੀ 'ਤੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਪੰਜਾਬ ਸਰਕਾਰ ਪੰਜਾਬ ਵਿਚ ਆਏ ਹੜ੍ਹਾਂ 'ਤੇ ਤੁਰੰਤ ਵਾਈਟ ਪੇਪਰ ਜਾਰੀ ਕਰੇ-ਖੋਜੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।