ਤਲਵੰਡੀ ਚੌਧਰੀਆਂ, 21 ਜੁਲਾਈ (ਪਰਸਨ ਭੋਲਾ)- ਕਈ ਦਿਨਾਂ ਤੋਂ ਰੁਕ-ਰੁਕ ਕੇ ਹੁੰਦੀ ਬਾਰਿਸ਼ ਕਾਰਨ ਛੱਪੜਾਂ ਦੇ ਗੰਦੇ ਪਾਣੀ ਦਾ ਫਲੋਅ ਵੱਧ ਜਾਣ ਕਾਰਨ ਗੰਦੇ ਪਾਣੀ ਨੇ ਨੀਵੀਂਆਂ ਗਲੀਆਂ ਤੇ ਚੌਂਕਾਂ ਵੱਲ ਰੁਖ ਕਰ ਲਿਆ ਹੈ ਤੇ ਖੜ੍ਹਾ ਗੰਦਾ ਪਾਣੀ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ | ਪਿੰਡ ਦੀ ਦੱਖਣੀ ਬਾਹੀ ਵਿਚ ਸਥਿਤ ਛੱਪੜ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਕਰਕੇ ਛੱਪੜ ਦਾ ਆਕਾਰ ਸੌੜਾ ਹੋ ਗਿਆ ਹੈ | ਹੱਟੀ ਭੱਠੀ ਨੂੰ ਵੀ ਜਾਣ ਲਈ ਲੋਕਾਂ ਨੂੰ ਗੰਦੇ ਪਾਣੀ ਤੇ ਚਿੱਕੜ ਵਿਚ ਦੀ ਲੰਘ ਕੇ ਜਾਣਾ ਪੈਂਦਾ ਹੈ | ਸਕੂਲੀ ਬੱਚਿਆਂ ਲਈ ਸਕੂਲ ਜਾਣਾ ਬਹੁਤ ਮੁਸ਼ਕਿਲ ਹੈ, ਕਈ ਦਿਨਾਂ ਤੋਂ ਗੰਦੇ ਪਾਣੀ ਵਿਚ ਮੱਛਰ ਤੇ ਮੱਖੀ ਬਹੁਤ ਪੈਦਾ ਹੋ ਗਈ ਹੈ, ਜੋ ਆਉਣ ਵਾਲੇ ਸਮੇਂ ਵਿਚ ਭਿਆਨਕ ਮਹਾਂਮਾਰੀ ਨੂੰ ਜਨਮ ਦੇ ਸਕਦੀ ਹੈ | ਜਦੋਂ ਇਸ ਸਬੰਧੀ ਨਵੇਂ ਬਣੇ ਸਰਪੰਚ ਬਲਵਿੰਦਰ ਸਿੰਘ ਲੱਡੂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੀਂਹ ਕਾਰਨ ਗੰਦਾ ਪਾਣੀ ਗਲੀਆਂ ਦੇ ਚੌਂਕਾਂ ਵਿਚ ਖੜ੍ਹਾ ਹੋ ਗਿਆ ਹੈ ਅਤੇ ਕਿਸਾਨਾਂ ਦੇ ਖੇਤ ਪਾਣੀ ਨਾਲ ਭਰ ਚੁੱਕੇ ਹਨ | ਕੋਈ ਵੀ ਕਿਸਾਨ ਪਾਣੀ ਲੈਣ ਨੂੰ ਤਿਆਰ ਨਹੀਂ ਪਰ ਹੁਣ ਕੁੱਝ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਪਾਣੀ ਲੈਣ ਲਈ ਮੰਨ ਗਏ ਹਨ | ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ ਵਿਚ ਪਾਣੀ ਪੈਣ ਨਾਲ ਛੱਪੜਾਂ ਦਾ ਫਲੋਅ ਘੱਟ ਜਾਵੇਗਾ ਤੇ ਕੱਲ੍ਹ ਦੀ ਮੋਟਰ ਲਗਾਤਾਰ ਚੱਲ ਰਹੀ ਹੈ, ਇਸ ਨੂੰ ਖ਼ਾਲੀ ਹੋਣ ਵਿਚ ਕੁੱਝ ਸਮਾਂ ਜ਼ਰੂਰ ਲੱਗੇਗਾ |