ਫਗਵਾੜਾ, 20 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਲਘੂ ਉਦਯੋਗ ਭਾਰਤੀ ਫਗਵਾੜਾ ਦੀ ਇਕ ਮੀਟਿੰਗ ਸੰਗਠਨ ਦੇ ਫਗਵਾੜਾ ਸ਼ਾਖਾ ਪ੍ਰਧਾਨ ਆਈ.ਪੀ. ਖੁਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਹਿਮਾਨਾਂ ਵਜੋਂ ਆਏ ਬੁਲਾਰਿਆਂ ਨੇ ਦੋ ਸੈਸ਼ਨਾਂ ਵਿਚ ਪਾਣੀ ਪ੍ਰਬੰਧਨ ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਸਰਕਾਰੀ ਸਕੀਮ ਬਾਰੇ ਜਾਣਕਾਰੀ ਭਰਪੂਰ ਗੈਸਟ ਲੈਕਚਰ ਦਿੱਤੇ | ਪਾਣੀ ਪ੍ਰਬੰਧਨ ਤੇ ਮੀਂਹ ਦੇ ਪਾਣੀ ਦੀ ਸੰਭਾਲ 'ਤੇ ਭਾਸ਼ਣ ਦਿੰਦੇ ਹੋਏ ਖੇਤੀਬਾੜੀ ਢਾਂਚੇ ਤੇ ਵਾਤਾਵਰਣ ਪ੍ਰਬੰਧਨ ਵਿਚ ਪਲਾਸਟਿਕ ਇੰਜੀਨੀਅਰਿੰਗ 'ਤੇ ਆਲ ਇੰਡੀਆ ਕੋਆਰਡੀਨੇਟਰ ਰਿਸਰਚ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਨੇ ਦੱਸਿਆ ਕਿ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਕਿਵੇਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਾਇਆ ਅਤੇ ਪਾਣੀ ਦੇ ਸੰਕਟ ਨੂੰ ਘਟਾਇਆ ਜਾ ਸਕਦਾ ਹੈ | ਉਨ੍ਹਾਂ ਨੇ ਪਾਣੀ ਦੀ ਸੰਭਾਲ ਦੀ ਮਹੱਤਤਾ ਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਤਰੀਕਿਆਂ 'ਤੇ ਚਾਨਣਾ ਪਾਇਆ | ਇਸੇ ਤਰ੍ਹਾਂ ਐਮ.ਐਸ.ਐਮ.ਈ. ਪ੍ਰਤੀਯੋਗੀ ਲੀਨ ਸਕੀਮ ਅਧੀਨ ਵਿਸ਼ੇਸ਼ ਸੈਸ਼ਨ ਦੌਰਾਨ, ਅਮਿਤ ਕੁਮਾਰ ਨੇ ਲੀਨ ਮੈਨੂਫੈਕਚਰਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਹ ਵੀ ਦੱਸਿਆ ਕਿ ਇਸ ਲੀਨ ਪ੍ਰੋਜੈਕਟ ਲਈ ਸਰਕਾਰ ਵੱਲੋਂ 90 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ | ਪ੍ਰੋਜੈਕਟ ਦੀ ਕੁੱਲ ਲਾਗਤ 1 ਲੱਖ 20 ਹਜ਼ਾਰ ਰੁਪਏ ਹੈ ਜਿਸ ਵਿਚੋਂ ਸਿਰਫ਼ 12 ਹਜ਼ਾਰ ਰੁਪਏ (10 ਪ੍ਰਤੀਸ਼ਤ) ਦਾ ਭੁਗਤਾਨ ਕਰਨਾ ਪਵੇਗਾ | ਉਨ੍ਹਾਂ ਦੀ ਟੀਮ 18 ਮਹੀਨਿਆਂ ਲਈ ਫ਼ੈਕਟਰੀਆਂ ਦਾ ਦੌਰਾ ਕਰੇਗੀ ਤੇ ਸਟਾਫ਼, ਲੇਬਰ ਤੇ ਪ੍ਰਸ਼ਾਸਕੀ ਕਮੇਟੀਆਂ ਨੂੰ ਲੀਨ ਤਕਨਾਲੋਜੀ ਬਾਰੇ ਸਿਖਲਾਈ ਦੇਵੇਗੀ | ਇਸ ਨਾਲ ਕੰਮ ਵਿਚ ਸੁਧਾਰ ਅਤੇ ਕੁਸ਼ਲਤਾ ਵਧਾਉਣ ਵਿਚ ਮਦਦ ਮਿਲੇਗੀ | ਉਨ੍ਹਾਂ ਨੇ ਕਾਰੋਬਾਰੀ ਕੁਸ਼ਲਤਾ ਵਧਾਉਣ, ਰਹਿੰਦ-ਖੂੰਹਦ ਨੂੰ ਘਟਾਉਣ, ਉਤਪਾਦਨ ਨਿਯੰਤਰਨ ਤੇ ਪ੍ਰਸ਼ਾਸਕੀ ਪ੍ਰਬੰਧਨ ਵਿਚ ਸੁਧਾਰ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ | ਉਨ੍ਹਾਂ ਦੇ ਭਾਸ਼ਣ ਤੇ ਉਦਾਹਰਨਾਂ ਨੇ ੳਦਯੋਗਪਤੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ | ਅੰਤ ਵਿਚ ਲਘੂ ਉਦਯੋਗ ਭਾਰਤੀ ਦੇ ਸਾਬਕਾ ਪ੍ਰਧਾਨ ਪੰਕਜ ਗੌਤਮ ਨੇ ਸਾਰੇ ਫ਼ੈਕਟਰੀ ਮਾਲਕਾਂ ਵੱਲੋਂ ਡਾ. ਸ਼ਾਰਦਾ ਤੇ ਸ੍ਰੀ ਮਮਗਈ ਦਾ ਧੰਨਵਾਦ ਕੀਤਾ | ਇਸ ਮੌਕੇ ਅਸ਼ੋਕ ਸੇਠੀ, ਅਰਵਿੰਦ ਬੱਗਾ, ਚੰਦਰ ਗੁਪਤਾ, ਪਵਨ ਕਾਲੜਾ, ਪਰਮਿੰਦਰ ਸਿੰਘ ਕੁੰਦੀ, ਸੁਮਿਤ ਸ਼ਰਮਾ, ਰਜਿੰਦਰ ਸੋਂਧੀ, ਸੁਬੋਧ ਸੋਬਤੀ, ਗੌਰਵ ਹਾਂਡਾ, ਈਸ਼ੂ ਠਾਕੁਰ, ਡਿੰਪੀ ਚੋਪੜਾ, ਅਲੋਕ ਸੇਠੀ ਅਤੇ ਕਰਨ ਸੇਠੀ ਹਾਜ਼ਰ ਸਨ |