ਸੁਲਤਾਨਪੁਰ ਲੋਧੀ, 20 ਜੁਲਾਈ (ਨਰੇਸ਼ ਹੈਪੀ)- 'ਆਪ' ਦੇ ਹਲ਼ਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਆਗੂ ਜਤਿੰਦਰਜੀਤ ਸਿੰਘ ਜੱਜੀ ਨੰਬਰਦਾਰ ਪਿੰਡ ਫੱਤੋਵਾਲ ਨੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੇ ਦੂਸਰੇ ਪੜਾਅ ਤਹਿਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਹਲਕਾ ਸੁਲਤਾਨਪੁਰ ਲੋਧੀ 'ਚ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਸੱਜਣ ਸਿੰਘ ਵੱਲੋਂ 'ਨਸ਼ਾ ਮੁਕਤੀ ਯਾਤਰਾ' ਕਰ ਕੇ ਇਸ ਨਾ-ਮੁਰਾਦ ਬਿਮਾਰੀ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ | ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲਈ ਸ਼ੁਰੂ ਕੀਤੀ 'ਨਸ਼ਾ ਮੁਕਤੀ ਯਾਤਰਾ' ਦੇ ਨਤੀਜੇ ਬਹੁਤ ਵਧੀਆ ਮਿਲ ਰਹੇ ਹਨ ਤੇ ਲੋਕਾਂ ਦਾ 'ਆਪ' ਮੁਹਾਰਾ ਸਾਥ ਨਸ਼ਿਆਂ ਵਿਰੁੱਧ ਮਿਲ ਰਿਹਾ ਹੈ |