ਕਪੂਰਥਲਾ, 20 ਜੁਲਾਈ (ਸਡਾਨਾ)- ਇਕ ਵਿਅਕਤੀ ਨੂੰ ਮਰਨ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਸਦਰ ਪੁਲਿਸ ਨੇ ਦੋ ਔਰਤਾਂ ਸਮੇਤ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸੁਰਿੰਦਰ ਕੌਰ ਵਾਸੀ ਧਾਲੀਵਾਲ ਦੋਨਾ ਨੇ ਦੱਸਿਆ ਕਿ ਉਸਦੇ ਲੜਕੇ ਅਜੈ ਕੁਮਾਰ ਦਾ ਵਿਆਹ ਸੰਦੀਪ ਕੌਰ ਉਰਫ਼ ਮਨਦੀਪ ਕੌਰ ਵਾਸੀ ਭੁਲਾਣਾ ਨਾਲ ਕਰੀਬ 12 ਸਾਲਾਂ ਪਹਿਲਾਂ ਹੋਇਆ ਸੀ ਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਲੜਕਾ ਪਰਿਵਾਰ ਦੇ ਚੰਗੇ ਭਵਿੱਖ ਲਈ ਦੁਬਈ ਕੰਮ ਲਈ ਚਲਾ ਗਿਆ ਤੇ ਕਾਫ਼ੀ ਸਮਾਂ ਮਿਹਨਤ ਕਰਕੇ ਪੈਸੇ ਆਪਣੀ ਪਤਨੀ ਸੰਦੀਪ ਕੌਰ ਨੂੰ ਭੇਜੇ ਪਰ ਉਸਦੀ ਪਤਨੀ ਨੇ ਕਥਿਤ ਤੌਰ 'ਤੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸਬੰਧ ਰੱਖੇ | ਜਦੋਂ ਉਸਦਾ ਲੜਕਾ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੋ ਗਈ ਤੇ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਉਰਫ ਨਿੱਕਾ ਦੇ ਨਾਲ ਰਹਿਣ ਲੱਗ ਪਈ, ਜਿਸ ਤੋਂ ਉਸਦਾ ਲੜਕਾ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਤੇ ਇਸ ਕੰਮ ਵਿਚ ਉਸਦੀ ਨੂੰ ਹ ਦੇ ਪੇਕਿਆਂ ਨੇ ਵੀ ਉਸਦਾ ਸਾਥ ਦਿੱਤਾ | ਜਿਸ ਤੋਂ ਤੰਗ ਆ ਕੇ ਉਸਦੇ ਲੜਕੇ ਅਜੈ ਕੁਮਾਰ ਨੇ ਪਿੰਡ ਧਾਲੀਵਾਲ ਦੋਨਾਂ ਦੇ ਸ਼ਮਸ਼ਾਨਘਾਟ ਵਿਖੇ ਗਲੇ ਵਿਚ ਸਾਫ਼ਾ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਮਿ੍ਤਕ ਅਜੈ ਕੁਮਾਰ ਦੀ ਪਤਨੀ ਸੰਦੀਪ ਕੌਰ ਉਰਫ ਮਨਦੀਪ ਕੌਰ ਵਾਸੀ ਭੁਲਾਣਾ, ਸੁਖਵਿੰਦਰ ਸਿੰਘ ਉਰਫ ਨਿੱਕਾ ਵਾਸੀ ਧਾਲੀਵਾਲ ਦੋਨਾ, ਮਲਕੀਤ ਸਿੰਘ, ਦੀਸ਼ੋ ਪਤਨੀ ਮਲਕੀਤ ਸਿੰਘ ਵਾਸੀ ਧਾਲੀਵਾਲ ਦੋਨਾ ਤੇ ਜਿੰਦਰ ਵਾਸੀ ਮੱਲ੍ਹੀਆਂ ਨਕੋਦਰ ਵਿਰੁੱਧ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ |