ਭੁਲੱਥ, 20 ਜੁਲਾਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ (ਬੇਰੀਆਂ ਵਾਲਾ) ਭੁਲੱਥ ਵਿਖੇ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਤੇ ਪੂਰਨ ਸਿੰਘ ਖੱਸਣ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ 'ਤੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਉਸੇ ਤਰਜ ਉੱਪਰ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੁਆਲੇ ਮਹਿੰਗੀ ਜ਼ਮੀਨ ਲੈਂਡ ਪੂਲਿੰਗ ਨੀਤੀ ਅਧੀਨ ਖੋਹਣ ਦੀ ਤਿਆਰੀ ਕੀਤੀ ਹੈ ਜੋ ਕਿ ਸਰਾਸਰ ਧੱਕਾ ਹੈ | ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵਿਰੁੱਧ ਸੰਘਰਸ਼ ਦਾ ਬਿਘਲ ਵਜਾਇਆ ਗਿਆ ਹੈ ਤੇ ਹਰਮੀਤ ਸਿੰਘ ਕਾਦੀਆਂ ਸੂਬਾ ਪ੍ਰਧਾਨ ਬੀ.ਕੇ.ਯੂ. ਕਾਦੀਆਂ ਦੇ ਨਿਰਦੇਸ਼ ਅਨੁਸਾਰ ਐਸ.ਕੇ.ਐਮ. ਦੇ ਪ੍ਰੋਗਰਾਮ ਨੂੰ ਲਾਗੂ ਕਰਾਂਗੇ | ਤਹਿਸੀਲ ਕੰਪਲੈਕਸ ਭੁਲੱਥ ਵਿਚ ਕਿਸਾਨਾਂ ਦੀ ਸਹੂਲਤ ਲਈ ਪੱਖੇ, ਲਾਈਟਾਂ, ਬੈਠਣ ਲਈ ਵਧੀਆ ਪ੍ਰਬੰਧ ਕੀਤੇ ਜਾਣ ਤੇ ਵਾਸ਼ਰੂਮਾਂ ਦੀ ਸਫ਼ਾਈ ਦਾ ਪੂਰਾ ਧਿਆਨ ਦਿੱਤਾ ਜਾਵੇ | ਬਾਜ਼ਾਰ ਵਿਚ ਯੂਰੀਆ ਖਾਦ ਦੀ ਉਪਲਬਧੀ ਯਕੀਨੀ ਬਣਾਈ ਜਾਵੇ | ਯੂਰੀਆ ਤੇ ਡੀ.ਏ.ਪੀ. ਨਾਲ ਸੁਸਾਇਟੀਆਂ ਤੇ ਪ੍ਰਾਈਵੇਟ ਦੁਕਾਨਾਂ ਵੱਲੋਂ ਧੱਕੇ ਨਾਲ ਕਿਸਾਨਾਂ ਨੂੰ ਬੇਲੋੜੇ ਪਦਾਰਥ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ | ਯੂਨੀਅਨ ਇਨ੍ਹਾਂ ਨੂੰ ਬੰਦ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ | ਇਸ ਮੌਕੇ ਅਥਲੀਟ ਫੌਜਾ ਸਿੰਘ ਦੇ ਅਕਾਲ ਚਲਾਣੇ ਉੱਪਰ ਜਥੇਬੰਦੀ ਵੱਲੋਂ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਝੋਨੇ ਦੇ ਸੀਜ਼ਨ ਵਿਚ ਪੰਜਾਬ ਸਰਕਾਰ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਘੱਟ ਸਪੇਸ ਦਾ ਰੌਲਾ ਪਾ ਕੇ ਕਿਸਾਨਾਂ ਨੂੰ ਝੋਨੇ ਤੇ ਕੱਟ ਲਾ ਕੇ ਅੰਨ੍ਹੀ ਲੁੱਟ ਕੀਤੀ ਗਈ ਸੀ | ਇਸ ਰੌਲੇ ਵਿਚ ਸਾਡਾ ਕਿਸਾਨ ਅਨਜਾਣੇ ਵਿਚ ਹੀ ਉਨ੍ਹਾਂ ਦੀ ਵਕਾਲਤ ਕਰਕੇ ਖ਼ੁਦ ਸ਼ਿਕਾਰ ਹੋ ਗਿਆ | ਇਸ ਵਾਰ ਤੇ ਅੱਗੇ ਤੋਂ ਅਜਿਹੀਆਂ ਸਾਜ਼ਿਸ਼ਾਂ ਦਾ ਕਿਸਾਨ ਸ਼ਿਕਾਰ ਨਾ ਬਣਨ ਤੇ ਲੋਟੂ ਟੋਲਾ ਵੀ ਇਸ ਤੋਂ ਬਾਜ਼ ਆਵੇ | ਝੋਨੇ ਦੀ ਪਰਾਲੀ ਸੰਭਾਲ ਲਈ ਮਸ਼ੀਨਾਂ ਦਾ ਸਰਕਾਰ ਬੰਦੋਬਸਤ ਕਰੇ | ਇਸ ਮੌਕੇ ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਸਕੱਤਰ ਜਨਰਲ, ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ ਕਪੂਰਥਲਾ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ ਭੁਲੱਥ, ਕਸ਼ਮੀਰ ਸਿੰਘ ਬੋਪਾਰਾਏ ਮੀਤ ਪ੍ਰਧਾਨ ਭੁਲੱਥ, ਜੋਗਾ ਸਿੰਘ ਇਬਰਾਹੀਮ ਵਾਲ ਬਲਾਕ ਪ੍ਰਧਾਨ ਨਡਾਲਾ, ਸਤਪਾਲ ਸਿੰਘ ਤਾਜਪੁਰ ਬਲਾਕ ਪ੍ਰਧਾਨ ਢਿਲਵਾਂ, ਬਹਾਦਰ ਸਿੰਘ ਮਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਬਖ਼ਸ਼ੀਸ਼ ਸਿੰਘ ਮਜ਼ਾਦਪੁਰ ਬਲਾਕ ਪ੍ਰਧਾਨ ਕਪੂਰਥਲਾ, ਗੁਰਦੇਵ ਸਿੰਘ ਖੱਸਣ, ਸੁੱਚਾ ਸਿੰਘ ਖੱਸਣ, ਗੁਰਮੀਤ ਸਿੰਘ ਰਾਜਪੁਰ, ਕਰਮ ਸਿੰਘ ਮਾਨਾ ਤਲਵੰਡੀ, ਪ੍ਰਤਾਪ ਸਿੰਘ ਭੁਲੱਥ, ਮਹਿੰਦਰ ਸਿੰਘ ਸਰਪੰਚ ਬਾਗੜੀਆਂ, ਕਮਲਜੀਤ ਸਿੰਘ ਬਾਗੜੀਆਂ, ਨਰਿੰਦਰ ਸਿੰਘ ਲਿੱਟਾਂ, ਲਖਵਿੰਦਰ ਸਿੰਘ ਲਿੱਟਾਂ, ਅਜੀਤ ਸਿੰਘ ਲਿੱਟਾਂ, ਨਿਰਮਲ ਸਿੰਘ ਖੱਸਣ, ਮਲਕੀਤ ਸਿੰਘ ਚੀਮਾ, ਬਲਵਿੰਦਰ ਸਿੰਘ ਬਾਗੜੀਆਂ, ਪਰਮਜੀਤ ਸਿੰਘ ਬਾਗੜੀਆਂ, ਕਾਬਲ ਸਿੰਘ ਬਾਗੜੀਆਂ, ਅਜੀਤ ਸਿੰਘ ਬਾਗੜੀਆਂ, ਅਮਰੀਕ ਸਿੰਘ ਘੱਗ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |