ਸੁਲਤਾਨਪੁਰ ਲੋਧੀ, 18 ਜੁਲਾਈ (ਥਿੰਦ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਵਾਪਰ ਰਹੇ ਹਾਦਸਿਆਂ ਤੋਂ ਨੌਜਵਾਨ ਪੀੜੀ 'ਚ ਜਾਗਰੂਕਤਾ ਲਿਆਉਣ ਖ਼ਾਤਰ ਅੱਜ ਸੁਲਤਾਨਪੁਰ ਲੋਧੀ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ. ਹਰਗੁਰਦੇਵ ਸਿੰਘ ਜੰਮੂ ਦੀ ਅਗਵਾਈ ਹੇਠ ਸਥਾਨਕ ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਚ ਨਸ਼ਾ ਵਿਰੋਧੀ ਤੇ ਟਰੈਫ਼ਿਕ ਜਾਗਰੂਕਤਾ ਦਿਹਾੜਾ ਮਨਾਇਆ ਗਿਆ | ਮੁੱਖ ਮਹਿਮਾਨ ਡੀ.ਐਸ.ਪੀ. ਹਰਗੁਰਦੇਵ ਸਿੰਘ ਜੰਮੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਜੰਗ ਨੂੰ ਜਨ ਅੰਦੋਲਨ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋਂ ਲੈ ਕੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਤਾਂ ਕਿ ਸਾਡੀ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਦਲਦਲ 'ਚ ਫਸ ਕੇ ਛੋਟੀ ਉਮਰ 'ਚ ਆਪਣੀ ਜਵਾਨੀ ਨੂੰ ਖ਼ਤਮ ਕਰ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ | ਇਸ ਮੌਕੇ ਡੀ.ਐਸ.ਪੀ. ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ਕਿਊਬ ਆਰਟੀ ਦੇ ਇੰਚਾਰਜ ਏ.ਐਸ.ਆਈ. ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਹਰ ਸਾਲ ਅਸੀਂ ਟਰੈਫ਼ਿਕ ਜਾਗਰੂਕਤਾ ਹਫ਼ਤਾ ਵੀ ਮਨਾਉਂਦੇ ਹਾਂ ਪਰ ਇਸ ਦੇ ਬਾਵਜੂਦ ਲੋਕ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ | ਉਨ੍ਹਾਂ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਆ | ਇਸ ਮੌਕੇ ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦੀ ਪਿ੍ੰਸੀਪਲ ਸਿਸਟਰ ਅਨਸਲੇਟ, ਸਟਾਫ਼ ਸੈਕਟਰੀ ਅੰਜੂਮ ਧੀਰ ਨੇ ਡੀ.ਐਸ.ਪੀ. ਹਰਗੁਰਦੇਵ ਸਿੰਘ ਤੇ ਏ.ਐਸ.ਆਈ. ਸ਼ਿੰਗਾਰਾ ਸਿੰਘ ਦਾ ਸਨਮਾਨ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਸਿਸਟਰ ਸ਼ੈਲੀ ਸੀ.ਐਨ.ਐਸ., ਮੈਨੇਜਰ ਸਿਸਟਰ ਵਿਕਟੋਰੀਆ, ਸਿਸਟਰ ਮੋਝੇਲ, ਸਿਸਟਰ ਐਸ਼ਵਰੀਆ, ਗੁਲਸ਼ਨ ਮਿਨਹਾਸ, ਗੌਤਮ ਜੈਨ, ਰਾਕੇਸ਼ ਰੋਸ਼ਨ, ਸੁਨੀਲ ਕੁਮਾਰ, ਅਰਵਿੰਦਰ ਪਾਲ, ਪਰਮਿੰਦਰ ਕੌਰ, ਇੰਦਰਜੀਤ ਕੌਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |