ਸੁਭਾਨਪੁਰ, 17 ਜੁਲਾਈ (ਸਤਨਾਮ ਸਿੰਘ)- ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਖ਼ਾਸ ਮੁਖ਼ਬਰ ਦੀ ਇਤਲਾਹ 'ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਮੋਟਰ ਦੇ ਪਾਣੀ ਵਾਲੇ ਪੱਖੇ ਸਮੇਤ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਚੌਂਕੀ ਨਡਾਲਾ ਦੇ ਇੰਚਾਰਜ ਏ.ਐਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕੇ ਉਹ ਪੁਲਿਸ ਪਾਰਟੀ ਸਮੇਤ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਲੱਖਣ ਕੇ ਪੱਡਾ ਵਿਖੇ ਮੌਜੂਦ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕੇ ਨਿਸ਼ਾਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਹਿੰਮਤ ਸਿੰਘ ਕਲੋਨੀ ਨਡਾਲਾ ਥਾਣਾ ਸੁਭਾਨਪੁਰ ਤੇ ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਹੰਬੋਵਾਲ ਥਾਣਾ ਸੁਭਾਨਪੁਰ ਜੋ ਦੋਨੋਂ ਜਣੇ ਬਿਨਾਂ ਨੰਬਰੀ ਮੋਟਰਸਾਈਕਲ ਉਪਰ ਚੋਰੀ ਕੀਤਾ ਗਿਆ ਪਾਣੀ ਵਾਲੀ ਮੋਟਰ ਦਾ ਪੱਖਾ ਵੇਚਣ ਲਈ ਲੈ ਕੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਜੀ.ਟੀ. ਰੋਡ 'ਤੇ ਨਾਕਾਬੰਦੀ ਕਰਕੇ ਦੋਨਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਜਦੋਂ ਮੋਟਰਸਾਈਕਲ ਦੇ ਕਾਗਜ਼ ਮੰਗੇ ਤਾਂ ਇਹ ਦੋਨੋਂ ਜਣੇ ਪੇਸ਼ ਨਹੀਂ ਕਰ ਸਕੇ ਤੇ ਮੋਟਰ ਤੇ ਪਾਣੀ ਵਾਲੇ ਪੱਖੇ ਸੰਬੰਧੀ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਚੋਰੀ ਦਾ ਹੈ | ਏ. ਐਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਦਾਲਤ ਵਲੋਂ ਦੋ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ |