ਬੋਹਾ, 8 ਦਸੰਬਰ (ਰਮੇਸ਼ ਤਾਂਗੜੀ)- ਮੁਰਦਾ ਪਸ਼ੂਆਂ ਨੂੰ ਚੁੱਕਣ ਅਤੇ ਸਮੇਟਣ ਲਈ ਪਿੰਡਾਂ 'ਚ ਬਣੀਆਂ ਹੱਡਾ ਰੋੜੀਆਂ ਦਿਨੋ ਦਿਨ ਬੰਦ ਹੋ ਰਹੀਆਂ ਹਨ | ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਸ਼ੇਰ ਖਾਂ ਵਾਲਾ ਦੇ ਪਸ਼ੂ ਪਾਲਕ ਅਮਰੀਕ ਸਿੰਘ, ਸਾਬਕਾ ਸਰਪੰਚ ਜੱਗਾ ਸਿੰਘ ਅਤੇ ਗੁਲਾਬ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ 'ਚ ਕੋਈ ਪਸ਼ੂ ਮਰ ਜਾਂਦਾ ਹੈ ਤਾਂ ਸਬੰਧਤ ਠੇਕੇਦਾਰ ਲੋਕਾਂ ਦੇ ਘਰਾਂ 'ਚੋਂ ਪਸ਼ੂ ਚੁੱਕ ਕੇ ਹੱਡਾ ਰੋੜੀ ਤੱਕ ਲਿਜਾਦੇ ਹਨ | ਜਿੱਥੇ ਪਹਿਲਾ ਗਿਰਝਾਂ ਪਸ਼ੂ ਦਾ ਮਾਸ ਨੋਚ ਕੇ ਹੱਡ ਛੱਡ ਦਿੰਦੀਆਂ ਸਨ ਪਰ ਹੁਣ ਗਿਰਝਾਂ ਦਾ ਸਫਾਇਆ ਹੋ ਗਿਆ ਹੈ ਅਤੇ ਪਿੰਡਾਂ ਦੇ ਮਾਸਖੋਰੇ ਕੁੱਤੇ ਇਹ ਮਾਸ ਖਾਂਦੇ ਹਨ | ਇਸ ਤਰਾਂ ਇਹ ਕੁੱਤੇ ਖੂੰਖਾਰ ਤੇ ਡਰਾਉਂਣੇ ਬਣ ਗਏ ਹਨ | ਕਈ ਦਿਨ ਕੋਈ ਪਸ਼ੂ ਨਾ ਆਉਣ 'ਤੇ ਇਹ ਕੁੱਤੇ ਆਉਂਦੇ ਜਾਂਦੇ ਦਾ ਪਿੱਛਾ ਕਰ ਕੇ ਉਨ੍ਹਾਂ ?'ਤੇ ਹਮਲਾ ਕਰ ਦਿੰਦੇ ਹਨ | ਕਈ ਥਾਂ ਅਜਿਹੀਆਂ ਘਟਨਾਵਾਂ ਵਾਪਰਨ ਕਰ ਕੇ ਪਿੰਡਾਂ ਦੀਆਂ ਪੰਚਾਇਤਾਂ ਨੇ ਹੱਡਾ ਰੋੜੀਆਂ ਬੰਦ ਕਰ ਦਿੱਤੀਆਂ | ਕਈ ਪਿੰਡਾਂ 'ਚ ਲੋਕ ਹੱਡਾ ਰੋੜੀਆਂ ਦਾ ਠੇਕਾ ਲੈਣ ਤੋਂ ਗੁਰੇਜ ਕਰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਪਸ਼ੂ ਮਰ ਜਾਣ 'ਤੇ ਉਹ ਸ਼ਹਿਰੀ ਹੱਡਾ ਰੋੜੀ ਵਪਾਰੀਆਂ ਨਾਲ ਤਾਲਮੇਲ ਕਰ ਕੇ ਉਸਨੂੰ ਪਸ਼ੂ ਚੁਕਵਾਉਂਦੇ ਹਨ ਅਤੇ ਇਸ ਬਦਲੇ 500 ਤੋਂ 1000 ਰੁਪਏ ਤੱਕ ਦੀ ਰਾਸ਼ੀ ਆਪਣੇ ਪਾਸੋਂ ਵਪਾਰੀਆਂ ਨੂੰ ਦਿੰਦੇ ਹਨ, ਜਿਸ ਦੇ ਚਲਦੇ ਲੋਕ ਮੁਰਦਾ ਪਸ਼ੂਆਂ ਨੂੰ ਪੰਗਾ ਸਮਝ ਕੇ ਇਨ੍ਹਾਂ ਦੀ ਗਿਣਤੀ ਘਟਾ ਰਹੇ ਹਨ | ਜਿਸ ਨਾਲ ਦੁੱਧ ਦੀ ਘਾਟ ਵੀ ਪੈਦਾ ਹੋ ਰਹੀ ਹੈ | ਲੋਕਾਂ ਦੀ ਮੰਗ ਹੈ ਕਿ ਹੱਡਾ ਰੋੜੀਆਂ ਦੀ ਚਾਰਦਿਵਾਰੀ ਕੀਤੀ ਜਾਵੇ ਅਤੇ ਇਹ ਪਿੰਡਾਂ ਤੋਂ ਬਾਹਰ ਬਣਾਈਆਂ ਜਾਣ |
ਪਿੰਡ ਦੀਆਂ ਹੱਡਾ ਰੋੜੀਆਂ ਬੰਦ ਹੋਣ 'ਤੇ ਪਸ਼ੂ ਪਾਲਕ ਬੁਰੀ ਤਰਾਂ ਮੁਸੀਬਤ 'ਚ ਫਸੇ
ਅਜੀਤ ਡੈਸਕ
09-12-2025