ਮਾਨਸਾ, 6 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਮਾਨਸਾ ਵਿਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਕਰਦਿਆਂ ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੇ ਕਿਹਾ ਕਿ ਜ਼ਿਲੇ੍ਹ 'ਚ ਹੁਣ ਤੱਕ ਝੋਨੇ ਦੀ ਕਟਾਈ 95 ਫ਼ੀਸਦੀ ਹੋ ਚੁੱਕੀ ਹੈ, ਜਿਸ 'ਚੋਂ 71 ਫ਼ੀਸਦੀ ਪਰਾਲੀ ਦਾ ਪ੍ਰਬੰਧਨ ਵੀ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਸ ਹਾੜ੍ਹੀ ਦੌਰਾਨ 1,71,000 ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਜਿਸ ਲਈ 23,741 ਮੀਟਰਕ ਟਨ ਫਾਸਫੋਰਸ ਖਾਦ ਦੀ ਲੋੜ ਹੈ, ਜਿਸ 'ਚੋਂ 13,290 ਮੀਟਰਕ ਟਨ ਖਾਦ ਆ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਾਸਫੋਰਸ ਦੇ ਬਦਲਵੇਂ ਪ੍ਰਬੰਧ ਵਜੋਂ ਟੀ.ਐਸ.ਪੀ. ਖਾਦ ਜਿਸ 'ਚ 46 ਫ਼ੀਸਦੀ ਫਾਸਫੋਰਸ ਹੁੰਦੀ ਹੈ, ਉਹ ਖਾਦ ਹੁਣ 3900 ਮੀਟਰਕ ਟਨ ਆ ਚੁੱਕੀ ਹੈ | ਜ਼ਿਲ੍ਹੇ 'ਚ 6550 ਮੀਟਰਕ ਟਨ ਡੀ.ਏ.ਪੀ. ਖਾਦ ਦੇ ਰੈਕ ਅਗਲੇ 7 ਦਿਨਾਂ 'ਚ ਆ ਜਾਣਗੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਡੀ.ਏ.ਪੀ 'ਤੇ ਹੀ ਨਿਰਭਰ ਨਾ ਰਹਿਣ ਕਿਉਂਕਿ ਫਾਸਫੋਰਸ ਦੀ ਮਾਤਰਾ ਨੂੰ ਜ਼ਮੀਨ 'ਚ ਪੂਰਾ ਕਰਨ ਲਈ ਇਸ ਦੇ ਬਦਲ ਦੇ ਤੌਰ 'ਤੇ ਟੀ. ਐੱਸ. ਪੀ. (ਟਰਿਪਲ ਸੁਪਰ ਫੋਸਫੇਟ), ਐਨ.ਪੀ.ਕੇ 12:32:16 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ | ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀਆਂ ਅਗੇਤੀਆਂ/ਦਰਮਿਆਨੀਆਂ ਕਿਸਮਾਂ ਦੀ ਬਿਜਾਈ 25 ਨਵੰਬਰ ਤੱਕ ਅਤੇ ਪਿਛੇਤੀਆਂ ਕਿਸਮਾਂ ਦੀ ਬਿਜਾਈ 15 ਦਸੰਬਰ ਤੱਕ ਕੀਤੀ ਜਾ ਸਕਦੀ ਹੈ, ਇਸ ਲਈ ਕਿਸਾਨ ਪਰਾਲੀ ਦਾ ਪ੍ਰਬੰਧਨ ਵਿਭਾਗ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਇਨ ਸੀਟੂ ਅਤੇ ਐਕਸ ਸੀਟੂ ਰਾਹੀਂ ਕਰਨ ਅਤੇ ਜਲਦਬਾਜ਼ੀ 'ਚ ਪਰਾਲੀ ਨੂੰ ਅੱਗ ਨਾ ਲਗਾਉਣ | ਉਨ੍ਹਾਂ ਖਾਦ ਵਿਕੇ੍ਰਤਾਵਾਂ ਨੂੰ ਖਾਦਾਂ ਨਾਲ ਕਿਸੇ ਵੀ ਕਿਸਮ ਦੀ ਬੇਲੋੜੀ ਚੀਜ਼ ਦੀ ਟੈਗਿੰਗ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਫ਼ਾਲਤੂ ਵਿੱਤੀ ਬੋਝ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਸਾਨਾਂ ਨੂੰ ਖਾਦ/ਬੀਜ/ਦਵਾਈ ਦੀ ਖ਼ਰੀਦ ਪੱਕੇ ਬਿੱਲ ਰਾਹੀਂ ਕਰਨ ਲਈ ਕਿਹਾ |