ਬੁਢਲਾਡਾ, 6 ਨਵੰਬਰ (ਸੁਨੀਲ ਮਨਚੰਦਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਬੁਢਲਾਡਾ ਦੀ ਇਕੱਤਰਤਾ ਸਥਾਨਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸੀਨੀਅਰ ਮੀਤ ਪ੍ਰਧਾਨ ਤੇਜ ਰਾਮ ਅਹਿਮਦਪੁਰ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੋਸ਼ ਲਗਾਇਆ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਿਸਾਨਾਂ ਨੂੰ ਹਾੜੀ ਦੀ ਬਿਜਾਈ ਲਈ ਡੀ.ਏ.ਪੀ. ਦੀ ਖਾਦ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਲਈ ਲੋੜੀਂਦੀ ਮਸ਼ੀਨਰੀ ਤੇ ਬੇਲਰ ਨਾ ਮਿਲਣ ਕਰ ਕੇ ਖੇਤਾਂ 'ਚ ਪਰਾਲੀ ਦੇ ਢੇਰ ਪਏ ਹਨ, ਜਿਸ ਕਰ ਕੇ ਮਜਬੂਰੀ ਵੱਸ ਕਿਸਾਨਾਂ ਨੂੰ ਅੱਗ ਲਗਾਉਣੀ ਪੈ ਰਹੀ ਹੈ | ਉੱਧਰ ਪ੍ਰਸ਼ਾਸਨ ਕਿਸਾਨਾਂ 'ਤੇ ਪਰਚੇ ਦਰਜ ਕਰ ਕੇ ਉਨ੍ਹਾਂ ਨਾਲ ਸਰਾਸਰ ਧੱਕਾ ਕਰ ਰਿਹਾ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਰਾਲੀ ਦੇ ਮਾਮਲੇ 'ਚ ਕਿਸੇ ਵੀ ਕਿਸਾਨ ਨੂੰ ਗਿ੍ਫ਼ਤਾਰ ਨਹੀਂ ਕਰਨ ਦਿੱਤਾ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਪਿੰਡ ਕੁੱਲਰੀਆਂ ਦੇ ਕਿਸਾਨਾਂ ਸਿਰ ਪਾਏ ਝੂਠੇ ਕੇਸ ਵਾਪਸ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵਾਰ-ਵਾਰ ਮੱੁਕਰ ਰਿਹਾ ਹੈ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ 10 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ | ਅਜਿਹਾ ਨਾ ਹੋਣ ਦੀ ਸੂਰਤ 'ਚ ਐਸ.ਐਸ.ਪੀ. ਦਫ਼ਤਰ ਮਾਨਸਾ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ | ਇਸ ਮੌਕੇ ਗੁਰਜੰਟ ਸਿੰਘ ਮੰਘਾਣੀਆਂ, ਸਤਪਾਲ ਸਿੰਘ ਬਰੇ੍ਹ, ਦਰਸ਼ਨ ਸਿੰਘ ਗੁਰਨੇ ਕਲਾਂ, ਦੇਵੀ ਰਾਮ ਰੰਘੜਿਆਲ, ਜਗਜੀਵਨ ਸਿੰਘ ਹਸਨਪੁਰ, ਮਾਸਟਰ ਮੇਲਾ ਸਿੰਘ ਦਿਆਲਪੁਰਾ, ਨਛੱਤਰ ਸਿੰਘ ਅਹਿਮਦਪੁਰ, ਛੋਟਾ ਸਿੰਘ ਬਹਾਦਰਪੁਰ ਆਦਿ ਹਾਜ਼ਰ ਸਨ |
ਭਾਕਿਯੂ (ਡਕੌਂਦਾ) ਵਲੋਂ ਇਕੱਤਰਤਾ ਦੌਰਾਨ ਭਖਦੇ ਕਿਸਾਨੀ ਮੁੱਦਿਆਂ 'ਤੇ ਅਹਿਮ ਵਿਚਾਰਾਂ <br/>
ਅਜੀਤ ਡੈਸਕ
07-11-2025