ਮਾਨਸਾ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾਂ ਸ਼ਤਾਬਦੀ ਦੇ ਮੱਦੇਨਜ਼ਰ ਗੁਰਦੁਆਰਾ ਸਿੰਘ ਸਭਾ ਮਾਨਸਾ ਦੇ ਨਜ਼ਦੀਕ ਗੁਰੂ ਜੀ ਦੀ ਯਾਦ 'ਚ ਸ਼ਾਨਦਾਰ ਗੇਟ ਬਣਾਇਆ ਜਾਵੇਗਾ | ਇਸ ਗੇਟ 'ਤੇ 12 ਲੱਖ ਦੇ ਕਰੀਬ ਖ਼ਰਚ ਆਵੇਗਾ | ਇਹ ਪ੍ਰਗਟਾਵਾ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ 'ਚ ਨਤਮਸਤਕ ਹੋਣ ਉਪਰੰਤ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਬੈਠਕ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਮਾਨਸਾ ਨੂੰ ਐਸਟੀਮੇਟ ਬਣਵਾਉਣ ਲਈ ਕਹਿ ਦਿੱਤਾ ਗਿਆ ਹੈ ਅਤੇ ਚੌਂਕ ਦੇ ਸੁੰਦਰੀਕਰਨ ਦੀ ਕਾਰਵਾਈ ਜਲਦ ਸ਼ੁਰੂ ਕੀਤੀ ਜਾਵੇਗੀ | ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਦੱਸਿਆ ਕਿ ਟੈਂਡਰ ਲਗਾ ਕੇ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਲੋਕਲ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ, ਬਲਬੀਰ ਸਿੰਘ ਔਲਖ, ਇੰਦਰਜੀਤ ਸਿੰਘ ਮੁਨਸ਼ੀ, ਬਲਜੀਤ ਸਿੰਘ ਕੜਵਲ, ਮਨਜੀਤ ਸਿੰਘ ਸਦਿਓੜਾ, ਬਲਜੀਤ ਸਿੰਘ ਸੇਠੀ, ਜਸਪਾਲ ਸਿੰਘ ਜੱਸਾ ਮਾਨ, ਤਜਿੰਦਰ ਸਿੰਘ ਟੀਟੂ, ਉਜਾਗਰ ਸਿੰਘ, ਭਾਈ ਬੀਰਬਲ ਸਿੰਘ, ਭਾਈ ਪਵਨਦੀਪ ਸਿੰਘ, ਹੈੱਡ ਗ੍ਰੰਥੀ ਭਾਈ ਟੇਕ ਸਿੰਘ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਸ਼ਾਲ ਜੈਨ ਗੋਲਡੀ ਆਦਿ ਹਾਜ਼ਰ ਸਨ |