ਰਾਮਾਂ ਮੰਡੀ, 19 ਜੁਲਾਈ (ਤਰਸੇਮ ਸਿੰਗਲਾ)-ਪੰਜਾਬ ਵਿਚ ਮÏਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ 'ਤੇ ਜਿੱਤੇ ਨਵੇਂ ਵਿਧਾਇਕ ਹੀ 2027 'ਚ ਭਗਵੰਤ ਮਾਨ ਦੀ ਹਾਰ ਦਾ ਕਾਰਨ ਬਣਨਗੇ | ਇਹ ਪ੍ਰਗਟਾਵਾ ਕਰਦਿਆਂ ਲੱਖਾ ਸਿੰਘ ਸਿਧਾਣਾ ਟੀਮ ਰਾਮਾਂ ਮੰਡੀ ਦੇ ਸਰਕਲ ਇੰਚਾਰਜ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ 'ਚ ਜ਼ਿਆਦਾਤਰ ਜੇਤੂ ਵਿਧਾਇਕ ਜਿਨ੍ਹਾਂ ਦਾ ਕੋਈ ਰਾਜਨੀਤਕ ਪਿਛੋਕੜ ਨਹੀਂ ਸੀ, ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ 'ਤੇ ਹੀ ਚੋਣਾਂ ਜਿੱਤੇ ਸਨ, ਪਰ ਜੇਤੂ ਵਿਧਾਇਕ ਅੱਜ ਭਗਵੰਤ ਮਾਨ ਦਾ ਹੀ ਸਾਥ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਚੋਣਾਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਵਧੀਆ ਕੰਮ ਕਰ ਰਹੇ ਹਨ, ਪਰ ਜ਼ਿਆਦਾਤਰ ਵਿਧਾਇਕਾਂ ਦੀ ਜ਼ਮੀਨ ਪੱਧਰ 'ਤੇ ਹਲਕਿਆਂ 'ਚ ਕਾਰਗੁਜ਼ਾਰੀ ਨਾਮਾਤਰ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 'ਆਪ' ਸਰਕਾਰ ਪਿੰਡਾਂ ਦੀਆਂ ਸੱਥਾਂ ਵਿਚੋਂ ਚੱਲੇਗੀ, ਪਰ ਜੇਤੂ ਵਿਧਾਇਕਾਂ ਨੇ ਲਗਾਤਾਰ ਸੱਥਾਂ ਤੋਂ ਦੂਰੀ ਹੀ ਬਣ ਕੇ ਰੱਖੀ ਹੋਈ ਹੈ | ਪੰਜਾਬ ਵਿਚ ਬਣੇ ਅੱਜ ਮਾੜੇ ਹਾਲਾਤਾਂ ਲਈ ਵੀ ਜੇਤੂ ਵਿਧਾਇਕ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਹਾਲਾਤ ਸੁਧਾਰਨ ਲਈ ਕਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਨਹੀਂ ਕੀਤੀਆਂ |