ਮਲੋਟ, 18 ਨਵੰਬਰ (ਪਾਟਿਲ)-ਪਲੇਅ ਹਾਊਸ ਨਾਟ ਸੰਸਥਾ ਮਲੋਟ ਦੁਆਰਾ ਆਪਣੀ 15ਵੀਂ ਪੇਸ਼ਕਾਰੀ ਪੰਜਾਬੀ ਨਾਟਕ ਆਰ.ਐੱਸ.ਵੀ.ਪੀ. ਦਾ ਸਫ਼ਲਤਾਪੂਰਵਕ ਮੰਚਨ ਕੀਤਾ ਗਿਆ | ਇਸ ਨਾਟਕ ਦੇ ਲੇਖਕ ਡਾ. ਪਾਲੀ ਭੁਪਿੰਦਰ ਸਿੰਘ ਹਨ ਤੇ ਇਸ ਦਾ ਨਿਰਦੇਸ਼ਨ ਮਲੋਟ ਦੇ ਰੰਗਕਰਮੀ ਗੌਰਵ ਭਠੇਜਾ ਦੁਆਰਾ ਕੀਤਾ ਗਿਆ | ਇਸ ਮੌਕੇ ਡਾ. ਸੁਨੀਲ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਅਤੁਲ ਗਰਗ, ਸਾਧੂ ਰਾਮ ਭਠੇਜਾ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਲਗਪਗ ਡੇਢ ਘੰਟਾ ਚੱਲੀ ਇਸ ਪੇਸ਼ਕਾਰੀ 'ਚ ਅਮਿਤ ਸੁਧਾ, ਮਾਨਿਕ ਅਛਡੇਜਾ, ਅਨਮੋਲ ਗੁੰਬਰ, ਮਹਿਕ ਪਾਠਕ ਤੇ ਸਿਦਕ ਨੇ ਦਰਸ਼ਕਾਂ ਨਾਲ ਭਰੇ ਹਾਲ ਨੂੰ ਸਾਰਥਕ ਸੁਨੇਹਾ ਦਿੱਤਾ | ਇਸ ਮੌਕੇ ਸਮੂਹ ਦਰਸ਼ਕਾਂ ਨੇ ਨਾਟਕ ਦੇ ਨਿਰਦੇਸ਼ਕ ਗੌਰਵ ਭਠੇਜਾ ਨੂੰ ਇਸ ਸਫ਼ਲ ਪੇਸ਼ਕਾਰੀ ਲਈ ਵਧਾਈ ਦਿੱਤੀ | ਸੰਸਥਾ ਦੇ ਪ੍ਰਧਾਨ ਰਾਜ ਰੱਸੇਵਟ ਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਪ੍ਰੋਫ਼ੈਸਰ ਸੰਦੀਪ ਮੋਹਲਾਂ ਤੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਕੀਤਾ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਅਦਾਰਿਆਂ ਦੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ |