ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਰਣਜੀਤ ਸਿੰਘ ਢਿੱਲੋਂ)-ਫ਼ਾਜ਼ਿਲਕਾ ਖੇਤਰ 'ਚ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਕ ਗੱਡੀ ਦਾ 10 ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਨੇੜੇ ਹਾਦਸਾ ਹੋ ਜਾਣ ਕਾਰਨ ਇਕ ਕਿਸਾਨ ਹਰਜੀਤ ਸਿੰਘ ਹਰਜੀ ਢਿੱਲੋਂ ਕੋਟਕਪੂਰਾ ਦੀ ਮੌਤ ਹੋ ਗਈ ਸੀ | ਕਿਸਾਨ ਜਥੇਬੰਦੀਆਂ ਵਲੋਂ ਮਿ੍ਤਕ ਕਿਸਾਨ ਆਗੂ ਦੇ ਪਰਿਵਾਰ ਲਈ ਮੁਆਵਜ਼ਾ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨੂੰ 17 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ, ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਕੀਤੇ ਐਲਾਨ ਮੁਤਾਬਿਕ ਬੀ.ਕੇ.ਯੂ. ਏਕਤਾ (ਉਗਰਾਹਾਂ) ਨੇ ਅੱਜ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਮੂਹਰੇ ਅਣਮਿੱਥੇ ਸਮੇਂ ਦਾ ਮੋਰਚਾ ਸ਼ੁਰੂ ਕਰ ਦਿੱਤਾ ਹੈ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਹ ਦੁਰਘਟਨਾ ਕੋਈ ਸਧਾਰਨ ਨਹੀਂ, ਬਲਕਿ ਲੋਕ ਹਿੱਤ ਲਈ ਕੰਮ ਕਰਦਿਆਂ ਜਾਨ ਲੇਖੇ ਲਾਉਣ ਵਾਲੇ ਕਿਸਾਨ ਦੀ ਹੈ | ਇਸ ਲਈ ਪੀੜਤ ਪਰਿਵਾਰ ਨੂੰ ਸਰਕਾਰ ਵਲੋਂ ਬਿਨਾਂ ਮੰਗਿਆਂ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਬਣਦੀ ਸੀ, ਪਰ ਹੋ ਇਹ ਰਿਹਾ ਹੈ ਕਿ ਕਿਸਾਨ ਜਥੇਬੰਦੀ ਵਲੋਂ ਵਾਰ-ਵਾਰ ਮੰਗ ਕਰਨ 'ਤੇ ਵੀ ਪ੍ਰਸ਼ਾਸਨ ਟਾਲ-ਮਟੋਲ ਕਰ ਰਿਹਾ ਹੈ, ਜਿਸ ਕਰਕੇ ਹੁਣ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ ਹੈ | ਅÏਰਤ ਵਿੰਗ ਦੀ ਸੂਬਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਹਾਦਸੇ ਦਾ ਸ਼ਿਕਾਰ ਬਣੇ ਕਿਸਾਨ ਆਗੂ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਕਰਜ਼ਾ ਮੁਆਫ਼ੀ ਤੇ ਇਕ ਜੀਅ ਨੂੰ ਨੌਕਰੀ ਦੇ ਨਾਲ ਗੰਭੀਰ ਜ਼ਖ਼ਮੀ ਦੇ ਮੁਕੰਮਲ ਇਲਾਜ ਲਈ ਸਹਾਇਤਾ ਰਾਸ਼ੀ ਤੋਂ ਆਨਾਕਾਨੀ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਦਾ ਜਿਉਂਦਾ ਜਾਗਦਾ ਸਬੂਤ ਹੈ | ਉਨ੍ਹਾਂ ਆਖਿਆ ਇਹ ਪੱਕਾ ਮੋਰਚਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ | ਇਸ ਮੌਕੇ ਹਰਬੰਸ ਸਿੰਘ ਕੋਟਲੀ, ਗੁਰਭੇਜ ਸਿੰਘ ਰੋਹੀਵਾਲਾ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਨੱਥਾ ਸਿੰਘ ਰੋੜੀਕਪੂਰਾ, ਨਿਰਮਲ ਸਿੰਘ ਜਿਉਣਵਾਲਾ, ਗੁਰਪ੍ਰੀਤ ਸਿੰਘ ਬਿੱਟੂ ਮੱਲਣ, ਜਗਸੀਰ ਸਿੰਘ ਘੋਲਾ, ਹਰਮੇਲ ਸਿੰਘ ਘਾਲੀ, ਨਿਰਮਲ ਸਿੰਘ ਜਿਉਣ ਵਾਲਾ ਆਦਿ ਸ਼ਾਮਲ ਸਨ |