ਲੰਬੀ, 7 ਨਵੰਬਰ (ਮੇਵਾ ਸਿੰਘ)-ਬੀਤੇ ਦਿਨੀਂ ਪਿੰਡ ਅਬੁੱਲਖੁਰਾਣਾ ਤੋਂ ਇਲਾਵਾ ਪਿੰਡ ਕਿੰਗਰਾ ਆਦਿ ਪਿੰਡਾਂ ਵਿਚ ਹੋਈ ਗੜੇ੍ਹਮਾਰੀ ਕਾਰਨ ਹੋਏ ਝੋਨੇ ਦੀ ਬਾਸਮਤੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਪਿੰਡ ਅਬੁੱਲਖੁਰਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੜੇ੍ਹਮਾਰੀ ਨਾਲ ਹੋਏ ਫ਼ਸਲੀ ਨੁਕਸਾਨ ਦਾ ਜਾਇਜ਼ਾ ਲੈਣ ਉਹ ਉਨ੍ਹਾਂ ਸਾਰੇ ਪਿੰਡਾਂ ਵਿਚ ਜਾ ਰਹੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵਿਚ ਗੁਰਪ੍ਰੀਤ ਸਿੰਘ ਥਿੰਦ ਏ.ਡੀ.ਸੀ. ਸ੍ਰੀ ਮੁਕਤਸਰ ਸਾਹਿਬ, ਜਗਰਾਜ ਸਿੰਘ ਕਾਹਲੋਂ ਐੱਸ.ਡੀ.ਐੱਮ. ਮਲੋਟ, ਰੁਪਿੰਦਰ ਕੌਰ ਨਾਇਬ ਤਹਿਸੀਦਾਰ ਮਲੋਟ, ਕਾਨੂੰਨਗੋ ਤੇ ਸੰਬੰਧਿਤ ਹਲਕੇ ਦੇ ਪਟਵਾਰੀ ਵੀ ਹਨ | ਉਨ੍ਹਾਂ ਦੱਸਿਆ ਕਿ ਇਸ ਗੜੇ੍ਹਮਾਰੀ ਨਾਲ ਹੋਏ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਜਲਦੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਗਿਰਦਾਵਰੀ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ | ਉਨ੍ਹਾਂ ਦੀ ਇਸ ਸੰਬੰਧੀ ਡਿਪਟੀ ਕਮਿਸ਼ਨਰ ਤੇ ਐੱਸ.ਡੀ.ਐੱਮ. ਮਲੋਟ ਨਾਲ ਵੀ ਗੱਲਬਾਤ ਹੋ ਗਈ ਹੈ | ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਇਸ ਗੜੇ੍ਹਮਾਰੀ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਕਿਸਾਨਾਂ ਨੁੰੂ ਦੇ ਦਿੱਤਾ ਜਾਵੇਗਾ | ਇਕ ਸਵਾਲ ਦੇ ਜਵਾਬ ਵਿਚ ਡਾ. ਬਲਜੀਤ ਕੌਰ ਨੇ ਕਿਹਾ ਕਿ ਕਿਸੇ ਉੱਪਰ ਜਾਤ ਦੇ ਆਧਾਰ 'ਤੇ ਜਾਂ ਰੰਗ ਨਸਲ ਦੇ ਆਧਾਰ 'ਤੇ ਟਿੱਪਣੀ ਕਰਨੀ ਸਾਡੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ, ਸੋ ਇਸ ਟਿੱਪਣੀ ਕਰਨ ਵਾਲੇ ਸਿਆਸੀ ਆਗੂ 'ਤੇ ਕਾਨੂੰਨੀ ਐਕਸ਼ਨ ਲਿਆ ਗਿਆ ਹੈ, ਉਹ ਇਸ ਐਕਸ਼ਨ ਲੈਣ ਨੂੰ ਠੀਕ ਸਮਝਦੇ ਹਨ |