24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੁਖਦੇਵ ਸਿੰਘ ਵੰਗਲ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਲਈ ਐਕਸ਼ਨ ਕਮੇਟੀ ਵਲੋਂ ਮੀਟਿੰਗ

ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਐਕਸ਼ਨ ਕਮੇਟੀ ਕਨਵੀਨ ਦਾ ਨਿਰਮਲ ਸਿੰਘ ਅਤੇ ਨਾਲ ਹੋਰ ਮੈਂਬਰ | <br/> 08-11-2025
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸੁਤੰਤਰਤਾ ਸੰਗਰਾਮੀ ਮਰਹੂਮ ਸ. ਸੁੱਚਾ ਸਿੰਘ ਸੰਧੂ ਦੇ ਪੋਤਰੇ ਕਿਸਾਨ ਸੁਖਦੇਵ ਸਿੰਘ ਵੰਗਲ ਦੀ ਇਕ ਜ਼ਮੀਨੀ ਵਿਵਾਦ ਮਗਰੋਂ ਪਿਛਲੇ ਦਿਨੀਂ ਹੋਈ ਮੌਤ ਦੇ ਇਨਸਾਫ਼ ਲਈ ਐਕਸ਼ਨ ਕਮੇਟੀ ਵਲੋਂ ਅੱਜ ਦੁਬਾਰਾ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਤੇ ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਵਲੋਂ ਸੁਖਦੇਵ ਸਿੰਘ ਵੰਗਲ ਦੀ ਮੌਤ ਦੇ ਇਨਸਾਫ਼ ਲਈ 27 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸ੍ਰੀ ਮੁਕਤਸਰ ਸਾਹਿਬ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ ਸੀ, ਜਿਸ 'ਤੇ ਧਰਨੇ ਦੇ ਚੱਲਦਿਆਂ ਆਖ਼ਰੀ ਦਿਨ ਪੁਲਿਸ ਅਧਿਕਾਰੀਆਂ ਵਲੋਂ ਧਰਨਾ ਸਥਾਨ 'ਤੇ ਪਹੁੰਚ ਕੇ ਐਕਸ਼ਨ ਕਮੇਟੀ ਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦੀ ਤੋਂ ਜਲਦੀ ਦਰਜ ਕੀਤੀ ਐੱਫ਼.ਆਈ.ਆਰ. ਵਿਚ ਸ਼ਾਮਿਲ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਜਾਵੇਗਾ ਅਤੇ ਇਸ ਕੇਸ ਵਿਚ ਅਣਗਹਿਲੀ ਵਰਤਣ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਜਾਂਚ ਕਰਕੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਜਿਸ 'ਤੇ ਐਕਸ਼ਨ ਕਮੇਟੀ ਤੇ ਪੀੜਤ ਪਰਿਵਾਰ ਨੇ ਸਹਿਮਤ ਹੁੰਦਿਆਂ 30 ਅਕਤੂਬਰ ਨੂੰ ਧਰਨੇ ਦੀ ਸਮਾਪਤੀ ਕਰਕੇ ਸੁਖਦੇਵ ਸਿੰਘ ਵੰਗਲ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾ ਕਰ ਅੰਤਿਮ ਸਸਕਾਰ ਕੀਤਾਂ, ਪਰ ਅੱਜ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਕੋਈ ਵਿਅਕਤੀ ਗਿ੍ਫ਼ਤਾਰ ਨਹੀਂ ਕੀਤੇ ਗਏ ਅਤੇ ਨਾ ਹੀ ਕੋਈ ਸੰਬੰਧਿਤ ਪੁਲਿਸ ਕਰਮਚਾਰੀਆਂ ਬਾਰੇ ਕਾਰਵਾਈ ਕੀਤੀ ਗਈ | ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਦਿੱਤੇ ਭਰੋਸੇ 'ਤੇ ਅਜੇ ਤੱਕ ਕੋਈ ਅਮਲ ਨਹੀਂ ਕੀਤਾ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ | ਮੀਟਿੰਗ ਵਿਚ ਹਾਜ਼ਰ ਐਕਸ਼ਨ ਕਮੇਟੀ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਜਲਦੀ ਵਿਅਕਤੀਆਂ ਨੂੰ ਗਿ੍ਫਤਾਰ ਕਰੇ ਤੇ ਅਣਗਹਿਲੀ ਵਰਤਣ ਵਾਲੇ ਸੰਬੰਧਿਤ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਪੜਤਾਲ ਕਰਕੇ ਬਣਦੀ ਵਿਭਾਗੀ ਕਾਰਵਾਈ ਕਰੇ, ਨਹੀਂ ਤਾਂ ਦੁਬਾਰਾ ਐਕਸ਼ਨ ਕਮੇਟੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਇਸ ਮੌਕੇ ਗੋਬਿੰਦ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਬਲਵਿੰਦਰ ਸਿੰਘ ਥਾਂਦੇਵਾਲਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਪੂਰਨ ਸਿੰਘ ਵੱਟੂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਬੂਟਾ ਸਿੰਘ ਬੁਰਜ ਗਿੱਲ, ਜਸਕਰਨ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਖ਼ਜ਼ਾਨਚੀ, ਕੌਮੀ ਕਿਸਾਨ ਯੂਨੀਅਨ, ਸੁਖਚੈਨ ਸਿੰਘ ਵੰਗਲ, ਸੁਖਬੀਰ ਸਿੰਘ ਵੰਗਲ, ਮਿ੍ਤਕ ਸੁਖਦੇਵ ਸਿੰਘ ਵੰਗਲ ਦੀ ਧਰਮਪਤਨੀ ਪਰਮਜੀਤ ਕੌਰ ਵੰਗਲ, ਸਰਬਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਗੜੇਮਾਰੀ ਨਾਲ ਹੋਏ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਅਗਲੀ ਖ਼ਬਰ ਲਖਵੀਰ ਸਿੰਘ ਉਦੇਕਰਨ ਦੀ ਪਲੇਠੀ ਪੁਸਤਕ 'ਫੁੱਲ ਮਖਾਣੇ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।