ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਰਕਾਰੀ ਕਾਲਜਾਂ 'ਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪੋ੍ਰਫ਼ੈਸਰਾਂ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀਆਂ ਰੋਕੀਆਂ ਗਈਆਂ ਤਨਖ਼ਾਹਾਂ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੀਆਂ ਜਾਣ | ਗੈਸਟ ਫੈਕਲਟੀ ਸੰਯੁਕਤ ਫ਼ਰੰਟ ਸਰਕਾਰੀ ਕਾਲਜ ਪੰਜਾਬ ਦੇ ਸੂਬਾਈ ਆਗੂ ਡਾ. ਰਾਵਿੰਦਰ ਸਿੰਘ ਮਾਨਸਾ, ਪ੍ਰੋ. ਗੁਰਸੇਵ ਸਿੰਘ ਪਟਿਆਲਾ, ਡਾ. ਪਰਮਜੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਤੇ ਪ੍ਰੋ. ਮੁਹੰਮਦ ਤਨਵੀਰ ਸੰਗਰੂਰ ਨੇ ਦੋਸ਼ ਲਗਾਇਆ ਕਿ ਨਵੇਂ ਸਹਾਇਕ ਪ੍ਰੋਫ਼ੈਸਰਾਂ ਦੀ ਨਿਯੁਕਤੀ ਕਰਨ ਸਮੇਂ ਗੈਸਟ ਪ੍ਰੋਫ਼ੈਸਰਾਂ ਨਾਲ ਵੱਡਾ ਧਰੋਹ ਕਮਾਇਆ ਗਿਆ ਹੈ, ਕਿਉਂਕਿ ਨਵਿਆਂ ਨੂੰ ਪਹਿਲਾਂ ਲੱਗੇ ਗੈਸਟ ਪ੍ਰੋਫ਼ੈਸਰਾਂ ਦੀ ਆਸਾਮੀਆਂ 'ਤੇ ਲਗਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪ੍ਰਭਾਵਿਤ ਹੋਣ ਵਾਲੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀ ਤਨਖ਼ਾਹ ਕਾਲਜ ਪ੍ਰਬੰਧਕਾਂ ਵਲੋਂ ਜਾਰੀ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਗੈਸਟ ਪ੍ਰੋਫ਼ੈਸਰ ਫਾਕੇ ਕੱਟਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਫ਼ਰੰਟ ਆਗੂਆਂ ਨਾਲ ਵਾਅਦੇ ਜ਼ਰੂਰ ਕੀਤੇ ਗਏ, ਪਰ ਇਨ੍ਹਾਂ ਨੂੰ ਪੂਰਾ ਕਰਨ ਵਿਚ ਕੈਬਨਿਟ ਮੰਤਰੀ ਅਸਮਰਥ ਰਹੇ ਹਨ | ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਮ ਕਰਦੇ ਗੈਸਟ ਪ੍ਰੋਫ਼ੈਸਰਾਂ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸਰਕਾਰੀ ਕਾਲਜਾਂ ਨੂੰ ਦਿੱਤਾ ਹੈ | ਇਸ ਲਈ ਗੈਸਟ ਪ੍ਰੋਫ਼ੈਸਰਾਂ ਦੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਾਲਜ ਪਿ੍ੰਸੀਪਲ ਤੁਰੰਤ ਪ੍ਰਭਾਵਿਤ ਗੈਸਟ ਪ੍ਰੋਫ਼ੈਸਰਾਂ ਦੀਆਂ ਤਨਖ਼ਾਹਾਂ ਜਾਰੀ ਕਰਨ |