ਕੋਟਕਪੂਰਾ, 16 ਜੁਲਾਈ (ਮੇਘਰਾਜ)-ਬੀਤੇ ਦਿਨਾਂ ਤੋਂ ਰੁਕ ਰੁਕ ਕੇ ਹੋ ਬਾਰਸ਼ ਕਾਰਨ ਸ਼ਹਿਰ ਦੇ ਵੱਖ ਵੱਖ ਗਲੀਆਂ, ਮੁਹੱਲਿਆਂ ਤੇ ਮੁੱਖ ਸੜਕਾਂ 'ਤੇ ਪਾਣੀ ਹਾਲੇ ਤੱਕ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਸ਼ਹਿਰ ਦੇ 29 ਵਾਰਡਾਂ 'ਚ ਸੀਵਰੇਜ ਦੇ ਪਾਣੀ ਦਾ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਮੁਹੱਲਾ ਵਾਸੀ ਡਾਢੇ ਪ੍ਰੇਸ਼ਾਨ ਹਨ | ਮੀਂਹ ਕਾਰਨ ਹਰ ਵਾਰਡ ਦੀਆਂ ਗਲੀਆਂ ਤੇ ਮੁੱਖ ਗਲੀਆਂ 'ਚ ਪਾਣੀ ਖੜ੍ਹਾ ਹੈ | ਖੜ੍ਹੇ ਪਾਣੀ ਕਾਰਨ ਔਰਤਾਂ, ਵਿਦਿਆਰਥੀਆਂ, ਬਜ਼ੁਰਗਾਂ ਨੂੰ ਘਰੋਂ ਨਿਕਲਣਾ ਔਖਾ ਹੋ ਗਿਆ ਹੈ | ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣ ਲਈ ਵੀ ਲੋਕਾਂ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ | ਬੱਤੀਆਂ ਵਾਲਾ ਚੌਕ ਤੋਂ ਤਿੰਨਕੋਣੀ, ਫ਼ੇਰੂਮਾਨ ਚੌਕ ਤੋਂ ਪੁਰਾਣਾ ਸ਼ਹਿਰ, ਬੱਸ ਅੱਡੇ ਤੋਂ ਪੁਰਾਣਾ ਸ਼ਹਿਰ, ਮੋਗਾ ਰੋਡ ਤੋਂ ਕਿਲ੍ਹਾ ਪਾਰਕ ਵਾਲੀਆਂ ਸੜਕਾਂ 'ਤੇ ਹਾਲੇ ਵੀ ਫੁੱਟ ਫੁੱਟ ਪਾਣੀ ਖੜ੍ਹਾ ਹੈ | ਜ਼ਰੂਰੀ ਕੰਮਕਾਰ ਕਰਨ ਵਾਲੇ ਲੋਕ ਜਦੋਂ ਪਾਣੀ ਵਿਚ ਦੀ ਲੰਘਦੇ ਹਨ ਅਤੇ ਉਨ੍ਹਾਂ ਦੇ ਸਕੂਟਰ, ਮੋਟਰਸਾਈਕਲ ਤੇ ਕਾਰਾਂ ਪਾਣੀ 'ਚ ਖਰਾਬ ਹੋ ਜਾਂਦੀਆਂ ਹਨ | ਸਕੂਲੀ ਵਿਦਿਆਰਥੀਆਂ ਨੂੰ ਸਕੂਲਾਂ ਨੂੰ ਜਾਣ ਲਈ ਆਪਣੇ ਬੂਟ ਲਿਫਾਫ਼ੇ 'ਚ ਪਾਉਣੇ ਪੈਂਦੇ ਹਨ ਤੇ ਪੈਂਟਾਂ ਗੋਡਿਆਂ ਤੱਕ ਚੜ੍ਹਾਉਣੀਆਂ ਪੈਂਦੀਆਂ ਹਨ | ਮਰੀਜ਼ਾਂ ਨੂੰ ਹਸਪਤਾਲਾਂ 'ਚ ਜਾਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੋਗਾ ਰੋਡ ਦੇ ਇਕ ਪਾਸੇ ਦੁਕਾਨਾਂ ਪੁਰਾਣੀਆਂ ਤੇ ਨੀਵੀਂਆਂ ਹੋਣ ਕਾਰਨ ਦੁਕਾਨਾਂ 'ਚ ਪਾਣੀ ਚਲਾ ਗਿਆ | ਦੁਕਾਨਾਂ 'ਚ ਪਾਣੀ ਤੇ ਬਾਹਰ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਖੋਲ੍ਹਣ 'ਚ ਅਸਮਰੱਥ ਹਨ | ਕਈ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਖੜ੍ਹੇ ਪਾਣੀ ਕਾਰਨ ਮੱਛਰ, ਮੱਖੀਆਂ ਤੇ ਹੋਰ ਜ਼ਹਿਰੀਲੇ ਕੀਟਾਣੂ ਪੈਦਾ ਹੋ ਰਹੇ ਜਿਸ ਕਾਰਨ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਮੰਡਰਾ ਰਿਹਾ ਹੈ | ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ |