ਮੰਡੀ ਕਿੱਲਿਆਂਵਾਲੀ, 15 ਜੁਲਾਈ (ਪੱਤਰ ਪ੍ਰੇਰਕ)-ਪਿੰਡ ਵੜਿੰਗਖੇੜਾ ਵਿਖੇ ਕਥਿਤ ਮਾੜੇ ਵਿਵਹਾਰ ਦੇ ਦੋਸ਼ਾਂ 'ਚ ਘਿਰੇ ਹਿਸਟਰੀ ਲੈਕਚਰਾਰ ਗੁਰਦੀਪ ਸਿੰਘ ਦੀ ਹਮਾਇਤ 'ਚ ਅੱਜ ਕਾਫ਼ੀ ਵਿਦਿਆਰਥੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਧਰਨਾ ਲਗਾ ਦਿੱਤਾ | ਧਰਨੇ 'ਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥਣਾਂ ਤੇ ਵਿਦਿਆਰਥੀ ਸ਼ਾਮਿਲ ਹਨ | ਧਰਨਾ ਲੱਗਣ ਮਗਰੋਂ ਬਲਾਕ ਸਿੱਖਿਆ ਨੋਡਲ ਅਫ਼ਸਰ, ਕਿੱਲਿਆਂਵਾਲੀ ਪੁਲਿਸ ਤੇ ਮਾਪੇ ਮੌਕੇ 'ਤੇ ਪੁੱਜੇ ਗਏ | ਪੁਲਿਸ ਨੇ ਸਕੂਲ ਗੇਟ ਦਾ ਜਿੰਦਰਾ ਖੁਲ੍ਹਵਾ ਦਿੱਤਾ, ਪਰ ਵਿਦਿਆਰਥੀ ਮੁੱਖ ਗੇਟ ਬੰਦ ਕਰਕੇ ਡਟੇ ਰਹੇ | ਉਨ੍ਹਾਂ ਲੈਕਚਰਰ ਗੁਰਦੀਪ ਸਿੰਘ 'ਤੇ ਲਗਾਏ ਮਾੜੇ ਵਿਵਹਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਵਿਰੋਧ ਦਰਜ ਕਰਵਾਇਆ | ਵਿਦਿਆਰਥੀਆਂ ਨੇ ਕਿਹਾ ਕਿ ਗੁਰਦੀਪ ਸਿੰਘ ਲੈਕਚਰਰ ਲੋੜਵੰਦ ਵਿਦਿਆਰਥੀਆਂ ਦੀ ਪੱਲਿਓਾ ਫ਼ੀਸ ਭਰਨ 'ਚ ਗੁਰੇਜ ਨਹੀਂ ਕਰਦੇ ਅਤੇ ਉਨ੍ਹਾਂ ਦਾ ਵਿਵਹਾਰ ਬਿਲਕੁੱਲ ਮਾੜਾ ਨਹੀਂ ਹੈ | ਜੇਕਰ ਉਨ੍ਹਾਂ ਦਾ ਤਬਾਦਲਾ ਕਰਵਾਉਣਾ ਹੈ ਤਾਂ ਬਿਨ੍ਹਾਂ ਝੂਠੇ ਦੋਸ਼ਾਂ ਦੇ ਕੀਤਾ ਜਾਵੇ | ਧਰਨੇ ਮੌਕੇ ਸਕੂਲ ਸਮੇਂ ਤੋਂ ਦੇਰੀ ਨਾਲ ਪੁੱਜੀ ਇਕ ਅਧਿਆਪਕਾ ਤੋਂ ਵਿਦਿਆਰਥੀਆਂ ਨੇ ਜਵਾਬਤਲਬੀ ਕੀਤੀ | ਹਿਸਟਰੀ ਲੈਕਚਰਰ ਕਰੀਬ 20 ਦਿਨਾਂ ਤੋਂ ਮੈਡੀਕਲ ਛੁੱਟੀ 'ਤੇ ਹਨ | ਜ਼ਿਕਰਯੋਗ ਹੈ ਕਿ ਮਾਮਲਾ ਪੰਚਾਇਤ ਵੜਿੰਗਖੇੜਾ ਵਲੋਂ ਲੈਕਚਰਰ ਗੁਰਦੀਪ ਸਿੰਘ ਦੇ ਖ਼ਿਲਾਫ਼ ਸਿੱਖਿਆ ਮੰਤਰੀ ਨੂੰ ਪੱਤਰ ਲਿਖੇ ਪੱਤਰ ਮਗਰੋਂ ਭਖਿਆ | ਪੱਤਰ 'ਚ ਲੈਕਚਰਰ 'ਤੇ ਸਟਾਫ਼, ਪਿੰਡ ਵਾਸੀਆਂ, ਐਸਐਮਸੀ ਕਮੇਟੀ ਤੇ ਵਿਦਿਆਰਥੀਆਂ ਨਾਲ ਵਿਵਹਾਰ/ਬੋਲਚਾਲ ਠੀਕ ਨਾ ਹੋਣ ਦੇ ਦੋਸ਼ ਹਨ | ਜਿਸ ਆਧਾਰ 'ਤੇ ਉਸਦੇ ਤਬਾਦਲੇ ਦੀ ਮੰਗ ਕੀਤੀ ਗਈ | ਸ਼ਿਕਾਇਤ ਸਬੰਧੀ ਕਰੀਬ ਤਿੰਨ ਹਫ਼ਤੇ ਪਹਿਲਾਂ ਵਿਭਾਗੀ ਪੜਤਾਲ ਵੀ ਹੋਈ ਸੀ, ਉਦੋਂ ਲੈਕਚਰਰ ਦੀ ਹਮਾਇਤ 'ਚ ਕਾਫ਼ੀ ਪੁਰਾਣੇ ਵਿਦਿਆਰਥੀਆਂ/ਬਾਹਰੀ ਨੌਜਵਾਨਾਂ ਦੀ ਆਮਦ ਵੀ ਵੱਡਾ ਮੁੱਦਾ ਬਣੀ ਹੋਈ ਹੈ | ਇੱਥੇ ਕੁੱਲ 20 ਅਧਿਆਪਕਾਂ ਵਿਚੋਂ ਕਰੀਬ 19 ਇਕਜੁਟ ਅਤੇ ਦੂਜੇ ਪਾਸੇ ਲੈਕਚਰਰ ਗੁਰਦੀਪ ਸਿੰਘ ਇਕੱਲੇ ਹਨ | ਸੂਤਰਾਂ ਮੁਤਾਬਿਕ ਸਮੁੱਚਾ ਵਿਵਾਦ ਕੰਪਿਊਟਰ ਲੈਬ ਦੀ ਜਗ੍ਹਾ ਬਦਲੇ ਜਾਣ, ਦੂਸਰੀ ਮੰਜਿਲ 'ਤੇ ਕਮਰੇ ਬਣਾਉਣ ਦੀ ਆਪਸੀ ਖਹਿਬਾਜ਼ੀ ਜਿਹੇ ਮੁੁੱਦਿਆਂ ਨਾਲ ਜੁੜਿਆ ਹੈ | ਐਸਐਮਸੀ ਦੇ ਸਾਬਕਾ ਮੀਤ ਪ੍ਰਧਾਨ ਵਿਕਰਮ ਕੁਮਾਰ ਤੇ ਮਾਪਿਆਂ ਨੇ ਮਾੜੇ ਵਿਵਹਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ | ਉਨ੍ਹਾਂ ਸਕੂਲ 'ਚ ਬਹੁਗਿਣਤੀ ਸੀਸੀਟੀਵੀ ਕੈਮਰੇ ਬੰਦ ਹੋਣ ਦਾ ਮੁੱਦਾ ਵੀ ਚੁੱਕਿਆ | ਧਰਨੇ ਮੌਕੇ ਘੰਟਿਆਂਬੱਧੀਂ ਮਸ਼ੱਕਤ ਮਗਰੋਂ ਬੀਐਨਓ ਓਨਮ ਸਿੰਘ, ਏਐਸਆਈ ਜਰਨੈਲ ਸਿੰਘ, ਪੰਚਾਇਤੀ ਨੁਮਾਇੰਦਿਆਂ ਤੇ ਮਾਪਿਆਂ ਦੀ ਮੌਜੂਦਗੀ 'ਚ ਵਿਦਿਆਰਥੀ ਗੱਲਬਾਤ ਲਈ ਰਾਜੀ ਹੋਏ | ਬੀਐਨਓ ਓਨਮ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਲੈਕਚਰਾਰ ਦੇ ਤਬਾਦਲੇ ਤੋਂ ਪਹਿਲਾਂ ਪੰਚਾਇਤੀ ਪੱਤਰ ਦੇ ਦੋਸ਼ਾਂ ਸਬੰਧੀ ਵਿਦਿਆਰਥੀਆਂ ਦਾ ਪੱਖ ਸੁਣਨ ਸਬੰਧੀ ਲਿਖਣ 'ਤੇ ਭਰੋਸੇ 'ਤੇ ਧਰਨਾ ਖ਼ਤਮ ਕਰ ਦਿੱਤਾ |