02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗ਼ਜ਼ਲ ਉਸ ਨੇ ਛੇੜੀ-52 * ਗੁਰਦਿਆਲ ਰੌਸ਼ਨ *

ਅਜੀਤ ਡੈਸਕ 07-12-2025

ਹਰਜਿੰਦਰ ਕੰਗ ਦਾ ਗਰਾਂ ਕਸਬਾ ਅੱਪਰਾ (ਜਲੰਧਰ) ਦੇ ਨਜ਼ਦੀਕ ਕੰਗ ਜਗੀਰ ਹੈ ਪਰ ਕਈ ਦਹਾਕਿਆਂ ਤੋਂ ਉਹ ਕੈਲੀਫ਼ੋਰਨੀਆ ਵਿਖੇ ਰਹਿ ਰਿਹਾ ਹੈ। ਗ਼ਜ਼ਲਾਂ ਦੇ ਨਾਲ ਨਾਲ ਉਸ ਨੇ ਗੀਤ ਸਿਰਜਣਾ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਉਸ ਦੀਆਂ ਕਈ ਰਚਨਾਵਾਂ ਨੇ ਕਾਫ਼ੀ ਮਕਬੂਲੀਅਤ ਹਾਸਿਲ ਕੀਤੀ ਹੈ, ਜਿਨ੍ਹਾਂ ਵਿਚ 'ਅਸੀਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ' ਵੀ ਸ਼ਾਮਿਲ ਹੈ। ਹਿਸਾਬ ਦੀ ਐੱਮ. ਐੱਸ. ਸੀ. ਦੀ ਤਾਲੀਮ ਹਾਸਿਲ ਕਰ ਚੁੱਕਾ ਕੰਗ ਗ਼ਜ਼ਲ ਵਰਗੀ ਨਾਜ਼ੁਕ ਸਿਨਫ਼ ਨਾਲ ਅੰਦਰ ਤੋਂ ਜੁੜਿਆ ਹੋਇਆ ਹੈ। ਕੰਗ ਆਪਣੀ ਗ਼ਜ਼ਲਕਾਰੀ ਵਿਚ ਪਿੰਡਾਂ ਤੇ ਖੇਤਾਂ ਨਾਲ ਜੁੜੀ ਹੋਈ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹੈ। ਉਸ ਦੇ ਗੀਤਾਂ ਤੇ ਗ਼ਜ਼ਲਾਂ ਨੂੰ ਕਈ ਨਾਮਵਰ ਫ਼ਨਕਾਰਾਂ ਨੇ ਆਵਾਜ਼ ਦਿੱਤੀ ਹੈ। ਹਰਜਿੰਦਰ ਕੰਗ ਦੀਆਂ ਬਹੁਤੀਆਂ ਗ਼ਜ਼ਲਾਂ ਪਰਵਾਸ ਦੇ ਦਰਦ ਨੂੰ ਜ਼ਬਾਨ ਦਿੰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚਲਾ ਸੰਗੀਤਕ ਅੰਸ਼ ਪਾਠਕ ਦੇ ਦਿਲ 'ਤੇ ਅਮਿੱਟ ਪ੍ਰਭਾਵ ਪਾਉਂਦਾ ਹੈ। ਹੁਣ ਤਕ ਉਸ ਦੇ ਪੰਜ ਕਾਵਿ ਤੇ ਗ਼ਜ਼ਲ ਸੰਗ੍ਰਹਿ ਛਪੇ ਹਨ ਜਿਨ੍ਹਾਂ 'ਚੋਂ 'ਵੇਲ ਰੁਪਏ ਦੀ ਵੇਲ' ਤਾਜ਼ਾਤਰੀਨ ਹੈ। ਪੇਸ਼ ਹਨ ਹਰਜਿੰਦਰ ਕੰਗ ਦੀਆਂ ਦੋ ਗ਼ਜ਼ਲਾਂ-

-ਮੋਬਾਈਲ : 99884-44002

 

ਤੇਰੇ 'ਤੇ ਇਤਬਾਰ ਬੜੇ ਸੀ।
ਸਿਰ 'ਤੇ ਭੂਤ ਸਵਾਰ ਬੜੇ ਸੀ।

ਵੱਡੇ ਡਾਕੇ ਓਥੇ ਵੱਜੇ,
ਜਿੱਥੇ ਪਹਿਰੇਦਾਰ ਬੜੇ ਸੀ।

ਤੈਨੂੰ ਕਿਹੜਾ ਗ਼ਮ ਲੈ ਬੈਠਾ,
ਤੇਰੇ ਤਾਂ ਗ਼ਮਖ਼ਾਰ ਬੜੇ ਸੀ।

ਓਥੇ ਬੰਦੇ ਸਭ ਬੌਣੇ ਸਨ,
ਜਿੱਥੇ ਕਾਰੋਬਾਰ ਬੜੇ ਸੀ।

ਆਖ਼ਿਰ ਵੇਲੇ ਕੱਲਮ-ਕੱਲਾ,
ਸੁਣਿਆਂ ਉਹਦੇ ਯਾਰ ਬੜੇ ਸੀ।

'ਕੰਗ' ਮੁਹੱਬਤ ਸ਼ੈਅ ਨਾ ਲੱਭੀ,
ਵਸਤਾਂ ਦੇ ਬਾਜ਼ਾਰ ਬੜੇ ਸੀ।
*

 

*
ਜੁਗਨੂੰ ਹੀ ਲੜਦੇ ਨੇ ਰੋਜ਼ ਹਨੇਰੇ ਨਾਲ।
ਦੀਵੇ ਚਿਪਕੇ ਬੈਠੇ ਰਹਿਣ ਬਨੇਰੇ ਨਾਲ।

ਭਟਕਣ ਪਿੱਛੋਂ ਏਧਰ ਓਧਰ ਸਾਰਾ ਦਿਨ,
ਮੇਰਾ ਸਾਇਆ ਲਿਪਟ ਗਿਆ ਫਿਰ ਮੇਰੇ ਨਾਲ।

ਸੋਚਦਿਆਂ ਦਿਨ ਬੀਤ ਗਿਆ ਕਿ ਕੱਲ੍ਹ ਰਾਤੀਂ,
ਇਕ ਜੁਗਨੂੰ ਕਿਉਂ ਭਟਕ ਰਿਹਾ ਸੀ ਮੇਰੇ ਨਾਲ।

ਇਕ ਦਿਨ ਪੰਛੀ ਉਤਰਨਗੇ ਚੋਗਾ ਤਾਂ ਪਾ,
ਮਿੱਟੀ ਦੇ ਕੁਝ ਪੰਛੀ ਰੱਖ ਬਨੇਰੇ ਨਾਲ।

ਭੀੜ ਪਈ ਤਾਂ ਇਕ ਵੀ ਨਾਲ ਖਲੋਇਆ ਨਾ,
ਉਂਝ ਤੁਰੇ ਫਿਰਦੇ ਸੀ ਰੋਜ਼ ਬਥੇਰੇ ਨਾਲ।

ਖ਼ਬਰੇ ਕਿੰਨੀਆਂ ਰਾਤਾਂ ਨਾਲ ਮੈਂ ਲੜਿਆ ਹਾਂ,
ਤਾਂ ਜਾ ਕੇ ਹੋਈ ਏ ਗੱਲ ਸਵੇਰੇ ਨਾਲ।
 

ਪਿਛਲੀ ਖ਼ਬਰ ਸ਼ੇਰ ਹਾਰ ਗਿਆ ਅਗਲੀ ਖ਼ਬਰ ਰੰਗਮੰਚ ਦਾ ਸੂਹਾ ਸੂਰਜ ਬਲਵੰਤ ਗਾਰਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।