14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮੰਗੇਤਰ ਲੜਕੀ, ਮਾਤਾ-ਪਿਤਾ, ਨਾਨੀ ਅਤੇ ਕੌਂਸਲਰ ਪਤੀ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 20-11-2025
ਮਾਮਲਾ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਨੌਜਵਾਨ ਵਲੋਂ ਕੀਤੀ ਖ਼ੁਦਕੁਸ਼ੀ

ਜਲੰਧਰ, 19 ਨਵੰਬਰ (ਐੱਮ. ਐੱਸ. ਲੋਹੀਆ)-ਮੰਗੇਤਰ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੌਂਸਲਰ ਪਤੀ ਵਲੋਂ ਰਿਸ਼ਤਾ ਤੋੜਨ ਦਾ ਦਬਾਅ ਬਣਾਏ ਜਾਣ ਕਰਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਅਮਨਦੀਪ ਉਰਫ਼ ਮੱਖਣ (20) ਪੁੱਤਰ ਵਰਿੰਦਰ ਕੁਮਾਰ ਵਾਸੀ ਨਿਊ ਸੁਰਾਜ ਗੰਜ, ਜਲੰਧਰ ਵਲੋਂ ਬੀਤੀ ਸ਼ਾਮ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਤਹਿਤ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮਿ੍ਤਕ ਦੀ ਮਾਂ ਅੰਜਲੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੰਗੇਤਰ ਕਸ਼ਿਸ਼ ਵਾਸੀ ਬਸਤੀ ਸ਼ੇਖ, ਜਲੰਧਰ, ਉਸ ਦੇ ਪਿਤਾ ਹੈਪੀ, ਮਾਂ ਰੇਖਾ, ਨਾਨੀ ਅਤੇ ਕੌਂਸਲਰ ਪਤੀ ਸੁਦੇਸ਼ ਭਗਤ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਗੁਲਜ਼ਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿ੍ਤਕ ਦੀ ਮਾਂ ਅੰਜਲੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਲੜਕਾ ਅਤੇ ਉਸ ਨਾਲ ਪੜ੍ਹਦੀ ਲੜਕੀ ਕਸ਼ਿਸ਼, ਦੋਵੇਂ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਕਰਕੇ ਦਸੰਬਰ, 2023 ਨੂੰ ਇਕ ਹੋਟਲ 'ਚ ਸਮਾਗਮ ਕੀਤਾ ਗਿਆ ਅਤੇ ਦੋਵੇਂ ਧਿਰਾਂ ਦੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਉਨ੍ਹਾਂ ਦੀ ਮੰਗਣੀ ਕਰ ਦਿੱਤੀ ਗਈ, ਇਸ ਮੌਕੇ ਇਹ ਫ਼ੈਸਲਾ ਕੀਤਾ ਗਿਆ ਸੀ, ਕਿ ਤਿੰਨ ਸਾਲ ਬਾਅਦ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇਗਾ | ਅੰਜਲੀ ਨੇ ਬਿਆਨਾਂ 'ਚ ਲਿਖਵਾਇਆ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਤੋਂ ਨਾਖੁਸ਼ ਸਨ, ਜਿਸ ਕਰਕੇ ਉਹ ਅਮਨਦੀਪ ਨੂੰ ਤਾਨੇ-ਮਿਹਨੇ ਮਾਰਦੇ ਰਹਿੰਦੇ ਸਨ, ਜਿਸ ਸੰਬੰਧੀ ਅਕਸਰ ਅਮਨਦੀਪ ਉਸ ਨੂੰ ਅਤੇ ਆਪਣੇ ਭੈਣ ਨੂੰ ਦੱਸਦਾ ਸੀ | ਇਸ ਤੋਂ ਬਾਅਦ ਲੜਕੀ ਕਸ਼ਿਸ਼ ਵੀ ਆਪਣੇ ਪਰਿਵਾਰਕ ਮੈਂਬਰਾਂ ਤੇ ਕੌਂਸਲਰ ਪਤੀ ਸੁਦੇਸ਼ ਭਗਤ ਨਾਲ ਹਮਸਲਾਹ ਹੋ ਕੇ ਮੇਰੇ ਲੜਕੇ ਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਂਦੇ ਰਹੇ ਅਤੇ ਇਹ ਰਿਸ਼ਤਾ ਤੋੜਨ ਦਾ ਦਬਾਅ ਬਣਾਉਂਦੇ ਰਹੇ | ਇਸ ਸਭ ਦੇ ਚੱਲਦੇ ਅਮਨਦੀਪ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ | ਏ.ਐਸ.ਆਈ. ਨੇ ਕਿਹਾ ਕਿ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਐਲ. ਡੀ. ਪੀ. ਪਲਾਟ ਅਲਾਟਮੈਂਟ ਦੀਆਂ ਰਿਪੋਰਟਾਂ ਤਲਬ ਅਗਲੀ ਖ਼ਬਰ ਲਾਟਰੀ ਦੀ ਦੁਕਾਨ 'ਤੇ ਲੁੱਟ ਕਰਨ ਵਾਲੇ 3 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।