ਜਲੰਧਰ, 19 ਨਵੰਬਰ (ਸ਼ਿਵ)- ਕੇਂਦਰੀ ਜੀ. ਐੱਸ. ਟੀ. ਵਿਭਾਗ ਵਲੋਂ ਬੀਤੇ ਦਿਨੀਂ ਕਰ ਚੋਰੀ ਦੀ ਸ਼ੰਕਾ ਵਿਚ ਅਗਰਵਾਲ ਢਾਬੇ 'ਤੇ ਛਾਪੇਮਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤਾਂ ਉਸ ਤੋਂ ਬਾਅਦ ਕੇਂਦਰੀ ਜੀ. ਐੱਸ. ਟੀ. ਵਿਭਾਗ ਨੇ ਮਾਮਲੇ ਵਿਚ ਸ਼ਿਕੰਜਾ ਕੱਸਦੇ ਹੋਏ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਸਾਰੀਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਕਿ ਜੇਕਰ ਅਦਾਰੇ ਵਲੋਂ ਕਰ ਚੋਰੀ ਕੀਤਾ ਗਿਆ ਹੈ ਤਾਂ ਕਿੰਨੀ ਚੋਰੀ ਦਾ ਮਾਮਲਾ ਹੋ ਸਕਦਾ ਹੈ | ਵਿਭਾਗੀ ਸੂਤਰਾਂ ਦਾ ਕਹਿਣਾ ਸੀ ਕਿ ਕੇਂਦਰੀ ਜੀ. ਐੱਸ. ਟੀ. ਵਲੋਂ ਜਿਹੜੀ ਆਪਣੀ ਜਾਂਚ ਆਰੰਭੀ ਗਈ ਹੈ, ਉਸ ਜਾਂਚ ਵਿਚ ਅੱਜ ਢਾਬਾ ਮਾਲਕ ਵੀ ਸ਼ਾਮਿਲ ਹੋਏ ਹਨ ਤੇ ਉਹ ਇਸ ਜਾਂਚ ਵਿਚ ਸ਼ਾਮਿਲ ਹੋਣ ਲਈ ਦਫਤਰ ਪੁੱਜੇ ਸਨ | ਕੇਂਦਰੀ ਜੀ. ਐੱਸ. ਟੀ. ਵਿਭਾਗ ਨੇ ਬੀਤੇ ਦਿਨੀਂ ਉਕਤ ਢਾਬੇ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ | ਵਿਭਾਗ ਨੂੰ ਨਕਦੀ ਤੋਂ ਇਲਾਵਾ ਪ੍ਰਾਪਰਟੀ ਦੇ ਦਸਤਾਵੇਜ਼ ਵੀ ਮਿਲੇ ਸਨ | ਸੂਤਰਾਂ ਦਾ ਕਹਿਣਾ ਸੀ ਕਿ ਵਿਭਾਗ ਵਲੋਂ ਜ਼ਬਤ ਕੀਤੀ ਗਈ ਨਕਦੀ 2.84 ਕਰੋੜ ਰੁਪਏ ਸੀ ਤਾਂ ਵਿਭਾਗ ਵਲੋਂ ਹੁਣ ਜਿਹੜੇ ਦਸਤਾਵੇਜ਼ ਜ਼ਬਤ ਕੀਤੇ ਗਏ ਸਨ, ਉਨ੍ਹਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ | ਵਿਭਾਗ ਨੇ ਪ੍ਰਾਪਰਟੀ ਦੇ ਕਰੀਬ 6 ਦਸਤਾਵੇਜ਼ ਆਪਣੇ ਕਬਜ਼ੇ 'ਚ ਲਏ ਸਨ | ਵਿਭਾਗ ਵਲੋਂ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਵਿਭਾਗ ਇਸ ਦੀ ਜਾਂਚ ਕਰ ਸਕਦਾ ਹੈ ਕਿ ਇਹ ਪ੍ਰਾਪਰਟੀਆਂ ਕਿਸ ਤਰ੍ਹਾਂ ਨਾਲ ਖ਼ਰੀਦੀਆਂ ਗਈਆਂ ਸਨ ਤਾਂ ਇਹ ਕਿਨ੍ਹਾਂ ਦੇ ਨਾਂਅ ਲਈਆਂ ਗਈਆਂ ਹਨ | ਕੇਂਦਰੀ ਜੀ. ਐੱਸ. ਟੀ. ਵਿਭਾਗ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਨੂੰ ਕਾਫੀ ਗਹਿਰਾਈ ਨਾਲ ਜਾਂਚ ਕਰ ਰਿਹਾ ਹੈ | ਉਧਰ ਵਿਭਾਗ ਵੱਲੋਂ ਹੁਣ ਹੋਰ ਵੀ ਕਰ ਚੋਰੀ ਦੀ ਸ਼ੰਕਾ ਵਾਲੇ ਅਦਾਰਿਆਂ 'ਤੇ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਵੱਲੋਂ ਜਿੱਥੇ ਜੀ. ਐੱਸ. ਟੀ. ਦਰਾਂ ਵਿਚ ਭਾਰੀ ਕਮੀ ਕੀਤੀ ਗਈ ਹੈ ਤੇ ਉੱਥੇ ਵਿਭਾਗ ਵੱਲੋਂ ਕਰ ਚੋਰੀ ਦੀ ਸ਼ੰਕਾ ਵਾਲੇ ਹੋਰ ਅਦਾਰਿਆਂ ਨੂੰ ਰਡਾਰ 'ਤੇ ਲਿਆ ਜਾ ਸਕਦਾ ਹੈ ਤੇ ਉਨਾਂ ਅਦਾਰਿਆਂ ਨੂੰ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ |