ਜਲੰਧਰ, 19 ਨਵੰਬਰ (ਹਰਵਿੰਦਰ ਸਿੰਘ ਫੁੱਲ)-350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਤੇ ਦਿਨੀਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅੰਮਿ੍ਤਸਰ ਲਈ ਮਨਜੀਤ ਸਿੰਘ ਜੀ. ਕੇ. (ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੀਨੀ. ਮੀਤ ਪ੍ਰਧਾਨ ਸਾਈਕਲਿੰਗ ਫੈੱਡਰੇਸ਼ਨ ਆਫ਼ ਇੰਡੀਆ) ਦੀ ਅਗਵਾਈ 'ਚ ਆਰੰਭ ਹੋਈ ਯਾਤਰਾ ਦਾ ਜਲੰਧਰ ਦੀਆਂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸਾਈਕਲ ਯਾਤਰਾ ਦਾ ਅੱਜ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ਼ ਬਹਾਦਰ ਨਗਰ ਤੋਂ ਅਗਲੇ ਪੜਾਅ ਅੰਮਿ੍ਤਸਰ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਮਾਡਲ ਟਾਊਨ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਇਲਾਵਾ ਹੋਰ ਧਾਰਮਿਕ ਜਥੇਬੰਦੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੀ ਸੀਨੀਅਰ ਐਗਜ਼ੀਕਿਊਟਿਵ ਗੁਰਜੋਤ ਕੌਰ ਵੀ ਹਾਜ਼ਰ ਸਨ | ਇਸ ਮੌਕੇ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਜਬਰੀ ਧਰਮ ਪਰਿਵਰਤਨ ਅਤੇ ਨਸ਼ਿਆਂ ਦਾ ਵਿਰੋਧ ਕਰਨਾ, ਸਾਫ਼-ਸੁਥਰੇ ਵਾਤਾਵਰਨ ਤੇ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣਾ, ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਧਰਮ ਖ਼ਾਤਰ ਦਿੱਤੀ ਕੁਰਬਾਨੀ ਦਾ ਸੰਦੇਸ਼ ਦੇਣਾ ਅਤੇ ਦਸਤਾਰ ਦੀ ਮਹੱਤਤਾ ਨੂੰ ਘਰ-ਘਰ ਪਹੁੰਚਾਉਣਾ ਹੈ ¢ ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਮਿਲ ਰਹੇ ਸਨੇਹ ਅਤੇ ਸਤਿਕਾਰ ਨਾਲ ਲੱਗਦਾ ਹੈ ਕਿ ਜਿਸ ਉਦੇਸ਼ ਨੂੰ ਲੈ ਕੇ ਉਨ੍ਹਾਂ ਯਾਤਰਾ ਸ਼ੁਰੂ ਕੀਤੀ ਸੀ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ | ਉਪਰੰਤ ਯਾਤਰਾ ਡਾ. ਅੰਬੇਡਕਰ ਚੌਕ, ਕਪੂਰਥਲਾ ਚੌਕ ਅਤੇ ਮਕਸੂਦਾਂ ਤੋਂ ਹੁੰਦੀ ਹੋਈ ਅੰਮਿ੍ਤਸਰ ਲਈ ਰਵਾਨਾ ਹੋਈ | ਇੱਥੇ ਵਰਨਣਯੋਗ ਹੈ ਕਿ ਸਾਈਕਲ ਯਾਤਰਾ ਬੀਤੀ ਦੇਰ ਰਾਤ ਜਲੰਧਰ ਪੁੱਜੀ ਸੀ, ਜਿਸ ਦਾ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਸੀ | ਇੱਥੇ ਰਾਤ ਦੇ ਵਿਸ਼ਰਾਮ ਉਪਰੰਤ ਅੱਜ ਸਵੇਰੇ ਸਾਈਕਲ ਯਾਤਰਾ ਅਗਲੇ ਪੜਾਅ ਅੰਮਿ੍ਤਸਰ ਲਈ ਰਵਾਨਾ ਹੋਈ | ਸਾਈਕਲ ਯਾਤਰਾ ਦੇ ਰਸਤੇ 'ਚ ਸ਼ਰਧਾਲੂਆਂ ਵਲੋਂ ਸੰਗਤ ਦੀ ਸੇਵਾ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ | ਇਸ ਮੌਕੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੇ ਕਾਰਜਕਾਰੀ ਪ੍ਰਧਾਨ ਕੰਵਲਜੀਤ ਸਿੰਘ ਟੋਨੀ, ਸਰਬਜੀਤ ਸਿੰਘ ਮੱਕੜ (ਸਾਬਕਾ ਵਿਧਾਇਕ), ਜੋਗਿੰਦਰ ਸਿੰਘ ਲਾਇਲਪੁਰੀ, ਮਨਜੀਤ ਸਿੰਘ ਠੁਕਰਾਲ, ਗਗਨਦੀਪ ਸਿੰਘ ਗੱਗੀ ਓਬਰਾਏ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਪਰਮਿੰਦਰ ਸਿੰਘ, ਜੁਗਿੰਦਰ ਸਿੰਘ ਗੁੰਬਰ, ਕੁਲ ਤਾਰਨ ਸਿੰਘ ਅਨੰਦ, ਐੱਚ.ਐੱਸ.ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ, ਡਾ. ਮਨਜੀਤ ਸਿੰਘ ਸੈਣੀ, ਸੁਖਦੇਵ ਸਿੰਘ ਗਾਂਧੀ, ਚਰਨਜੀਵ ਸਿੰਘ ਲਾਲੀ, ਭਾਈ ਗੁਰਮੀਤ ਸਿੰਘ ਸ਼ਾਂਤ, ਕੁਲਵਿੰਦਰ ਸਿੰਘ ਥਿਆੜਾ, ਸਰਬਜੀਤ ਸਿੰਘ ਰਾਜਪਾਲ, ਹਰਜਿੰਦਰ ਸਿੰਘ ਲਾਡਾ, ਗੁਰਮੀਤ ਸਿੰਘ ਬਸਰਾ, ਮਨਜੀਤ ਸਿੰਘ ਬਿੰਦਰਾ, ਭਾਈ ਜਸਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |