ਮਲਸੀਆਂ, 18 ਨਵੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਦੂਜੀ ਵਾਰ ਕਾਂਗਰਸ ਜਲੰਧਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਇਸੇ ਲੜੀ ਤਹਿਤ ਪਿੰਡ ਕਿਲੀ (ਸ਼ਾਹਕੋਟ) ਦੀ ਸਰਪੰਚ ਸ਼੍ਰੀਮਤੀ ਪਵਨਦੀਪ ਕੌਰ ਥਿੰਦ ਤੇ ਉਨ੍ਹਾਂ ਦੇ ਪਤੀ ਸੋਨੂੰ ਕਿਲੀ ਨੰਬਰਦਾਰ ਨੇ ਵਿਧਾਇਕ ਸ਼ੇਰੋਵਾਲੀਆ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ | ਸੋਨੂੰ ਕਿਲੀ ਨੰਬਰਦਾਰ ਨੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਕਾਂਗਰਸ ਹਾਈਮਕਾਂਡ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਲਾਡੀ ਸ਼ੇਰੋਵਾਲੀਆ ਦਾ ਜਲੰਧਰ ਦਿਹਾਤੀ ਦੀ ਰਾਜਨੀਤੀ ਵਿਚ ਇਕ ਮਜ਼ਬੂਤ ਆਧਾਰ ਹੈ | ਪਾਰਟੀ ਹਾਈਕਮਾਂਡ ਵਲੋਂ ਸ਼ਾਹਕੋਟ ਹਲਕੇ ਤੋਂ ਦੋ ਵਾਰ ਵਿਧਾਇਕ ਬਣ ਚੁੱਕੇ ਲਾਡੀ ਸ਼ੇਰੋਵਾਲੀਆ ਦੀ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਵਜੋਂ ਕੀਤੀ ਗਈ ਨਿਯੁਕਤੀ ਉਨ੍ਹਾਂ ਦੀ ਕਾਰਜਸ਼ੈਲੀ ਤੇ ਜ਼ਮੀਨੀ ਪੱਧਰ 'ਤੇ ਮਜ਼ਬੂਤ ਪਕੜ 'ਤੇ ਭਰੋਸਾ ਦਰਸਾਉਂਦੀ ਹੈ | ਸ਼ੇਰੋਵਾਲੀਆ ਨੇ ਜਲੰਧਰ ਦਿਹਾਤੀ ਵਿਚ ਪਿਛਲੇ ਕਾਰਜਕਾਲ 'ਚ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਸ਼ੇਰੋਵਾਲੀਆ ਦੇ ਮੁੜ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਕਾਂਗਰਸ ਬੁਲੰਦੀਆਂ 'ਤੇ ਜਾਵੇਗੀ | ਸਰਪੰਚ ਪਵਨਦੀਪ ਸਿੰਘ ਥਿੰਦ ਨੇ ਕਿਹਾ ਕਿ ਸ਼ੇਰੋਵਾਲੀਆ ਦੀ ਅਗਵਾਈ 'ਚ ਪਿੰਡ ਕਿਲੀ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਇਹ ਵਿਕਾਸ ਦੇ ਕੰਮ ਅੱਗੇ ਵੀ ਜਾਰੀ ਰਹਿਣਗੇ |