ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਹੰਗਾਮਾ-4 ਮਿੰਟ 'ਚ 400 ਕਰੋੜ ਦੇ ਕੰਮਾਂ ਦਾ ਏਜੰਡਾ ਪਾਸ
ਅਜੀਤ ਡੈਸਕ
19-11-2025
ਜਲੰਧਰ, 18 ਨਵੰਬਰ-8 ਮਹੀਨੇ ਬਾਅਦ ਮੇਅਰ ਵਨੀਤ ਧੀਰ ਵਲੋਂ ਆਪਣੇ ਕਾਰਜਕਾਲ ਦੀ ਅੱਜ ਦੂਜੀ ਹੋਈ ਨਗਰ ਨਿਗਮ ਹਾਊਸ ਦੀ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਮੀਟਿੰਗ ਦੇ ਖ਼ਤਮ ਹੋਣ ਮੌਕੇ ਜਿੱਥੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮੇਅਰ ਵਨੀਤ ਧੀਰ ਵਲੋਂ 4 ਮਿੰਟ ਵਿਚ 400 ਕਰੋੜ ਦੇ ਕੰਮ ਵਾਲਾ ਏਜੰਡਾ ਆਸਾਨੀ ਨਾਲ ਪਾਸ ਕਰਵਾ ਲਿਆ ਗਿਆ ਜਦਕਿ ਦੂਜੇ ਪਾਸੇ ਇਸ ਮੀਟਿੰਗ ਦੌਰਾਨ ਵੀ ਸਥਿਤੀ ਉਸ ਵੇਲੇ ਕਾਫੀ ਹਾਸੋਹੀਣੀ ਬਣ ਗਈ ਸੀ ਜਦੋਂ ਕਿ ਕਈ ਮੁੱਦਿਆਂ ਨੂੰ ਲੈ ਕੇ ਮੀਟਿੰਗ ਵਾਲੀ ਜਗ੍ਹਾ ਰੈੱਡ ਕਰਾਸ ਭਵਨ ਦੇ ਬਾਹਰ ਭਾਜਪਾ ਆਗੂ ਧਰਨੇ 'ਤੇ ਬੈਠੇ ਹੋਏ ਸਨ ਤਾਂ ਦੂਜੇ ਪਾਸੇ ਮੀਟਿੰਗ ਹਾਲ 'ਚ ਹਾਊਸ ਦੀ ਮੀਟਿੰਗ 'ਚ ਕਈ ਭਾਜਪਾ ਆਗੂ ਮੇਅਰ ਵਨੀਤ ਧੀਰ ਦੀਆਂ ਤਾਰੀਫ਼ਾਂ ਵੀ ਕਰ ਰਹੇ ਸਨ ਤੇ ਇਸ ਗੱਲ ਦਾ ਭਾਜਪਾ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ | ਅੱਜ ਪਾਸ ਕਰਵਾਏ ਗਏ ਏਜੰਡੇ 'ਚ ਜਿਹੜੇ ਅਹਿਮ ਕੰਮ ਪਾਸ ਕਰਵਾਏ ਗਏ ਹਨ ਜਿਨ੍ਹਾਂ ਵਿਚ 143 ਕਰੋੜ ਦੇ ਕੂੜਾ ਪ੍ਰਬੰਧਨ ਦੇ ਕੰਮ ਤੋਂ ਇਲਾਵਾ 100 ਕਰੋੜ ਦੀ ਲਾਗਤ ਨਾਲ ਸੜਕਾਂ ਬਣਾਉਣ, 62 ਕਰੋੜ ਦੇ ਵਰਿਆਣਾ ਡੰਪ 'ਤੇ ਨਵਾਂ ਕੂੜਾ ਸੰਭਾਲ ਪ੍ਰਾਜੈਕਟ ਲਗਾਉਣ ਸਮੇਤ ਸੀਵਰਾਂ ਦੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਕਰਨ ਦੇ ਕਰੋੜਾਂ ਦੇ ਕੰਮ ਸ਼ਾਮਿਲ ਹਨ | ਲਗਾਤਾਰ ਵਧ ਰਹੇ ਖ਼ਰਚਿਆਂ ਕਰਕੇ ਸਾਰੇ ਕੌਂਸਲਰਾਂ ਵਲੋਂ 50 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਕਰਨ ਦੀ ਮੰਗ ਉਠਾਈ ਗਈ | ਮੀਟਿੰਗ 'ਚ ਮੇਅਰ ਵਨੀਤ ਧੀਰ ਤੋਂ ਇਲਾਵਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ, ਜੁਆਇੰਟ ਕਮਿਸ਼ਨਰ ਮਨਦੀਪ ਕੌਰ ਸਮੇਤ ਨਿਗਮ ਦੇ ਹੋਰ ਵੀ ਕਈ ਅਫ਼ਸਰ ਮੀਟਿੰਗ ਵਿਚ ਮੌਜੂਦ ਸਨ |