ਸ਼ਾਹਕੋਟ, 5 ਨਵੰਬਰ (ਸੁਖਦੀਪ ਸਿੰਘ)-ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ (ਰਜਿ. 132) ਵਲੋਂ ਸੂਬਾ ਪ੍ਰਧਾਨ ਰਮਨਦੀਪ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਪੁਨੀਤ ਕੁਮਾਰ ਹੁਸ਼ਿਆਰਪੁਰ, ਮੀਤ ਪ੍ਰਧਾਨ ਸਰਬਜੀਤ ਰੋਪੜ ਅਤੇ ਸੂਬਾ ਸਕੱਤਰ ਮੋਹਨ ਭਗਤ ਲੁਧਿਆਣਾ ਦੀ ਅਗਵਾਈ 'ਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ | ਸੂਬਾ ਪ੍ਰੈਸ ਸਕੱਤਰ ਨਾਨਕ ਰਾਮ ਸ਼ਾਹਕੋਟ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੂਬਾ ਆਗੂਆਂ ਨੇ ਆਪਣੇ ਸਾਰੇ ਸਾਥੀਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਸੰਯੁਕਤ ਠੇਕਾ ਸੰਘਰਸ਼ ਮੋਰਚਾ ਨੂੰ ਖੁੱਲ੍ਹਾ ਸਮਰਥਨ ਦੇਣ ਅਤੇ ਸਾਰੇ ਆਪ੍ਰੇਟਰ ਸਾਥੀਆਂ ਵਲੋਂ ਸੰਯੁਕਤ ਠੇਕਾ ਸੰਘਰਸ਼ ਮੋਰਚਾ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਸੰਯੁਕਤ ਠੇਕਾ ਸੰਘਰਸ਼ ਮੋਰਚਾ ਵਲੋਂ 9 ਨਵੰਬਰ ਨੂੰ ਜ਼ਿਮਣੀ ਚੋਣ ਹਲਕੇ ਤਰਨ ਤਾਰਨ 'ਚ ਕੀਤੇ ਜਾ ਰਹੇ ਝੰਡਾ ਮਾਰਚ ਵਿਚ ਸਮੂਹ ਕੰਪਿਉਟਰ ਆਪ੍ਰੇਟਰਾਂ ਵਲੋਂ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਪਿਛਲੇ 17-18 ਸਾਲਾਂ ਤੋਂ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਗੂਣੀਆਂ ਤਨਖਾਹਾਂ 'ਤੇ ਨਿਭਾਅ ਰਹੇ ਹਨ | ਇਸ ਆਸ 'ਤੇ ਕਿ ਕੋਈ ਅਫ਼ਸਰ ਜਾਂ ਸਮੇਂ ਦੀ ਸਰਕਾਰ ਸਾਡੀ ਬਾਂਹ ਫੜੇ੍ਹਗੀ, ਪਰ ਅਫ਼ਸੋਸ ਫ਼ਰਦ ਕੇਂਦਰ ਆਪੇ੍ਰਟਰਾਂ ਨੂੰ ਡੀ.ਸੀ. ਰੇਟ ਤੋਂ ਵੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ, ਜਿਸ ਨਾਲ ਇਸ ਮਹਿੰਗਾਈ ਦੇ ਸਮੇਂ 'ਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈ |