ਮਲਸੀਆਂ, 20 ਜੁਲਾਈ (ਸੁਖਦੀਪ ਸਿੰਘ)- ਦਸਮੇਸ਼ ਤਰਨਾ ਦਲ ਮਿਸਲ ਬਾਬਾ ਦੀਪ ਸਿੰਘ ਧੀਰ ਸਿੰਘ 13 ਸੌ ਘੋੜ ਸਵਾਰ ਚਲਦਾ ਵਹੀਰ ਚੱਕਰਵਤੀ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਦਾ ਸਾਂਝਾ ਮੰਚ ਭਾਰਤ ਅਤੇ ਸਿੱਖ ਚਿੰਤਕ ਕਸ਼ਮੀਰ ਸਿੰਘ ਭੁਲੱਥ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ ਨਵੰਬਰ ਮਹੀਨੇ 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਕੌਮੀ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪੋ-ਆਪਣੇ ਪ੍ਰੋਗਰਾਮ ਐਲਾਨ ਦਿੱਤੇ ਹਨ | ਪੰਜਾਬ ਸਰਕਾਰ ਵੱਲੋਂ ਵੀ 350 ਸਾਲਾ ਸ਼ਹੀਦੀ ਸਮਾਗਮ ਸੂਬਾ ਪੱਧਰ 'ਤੇ ਮਨਾਇਆ ਜਾਣਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਵਿੱਤਰ ਸੀਸ ਦੀ ਸੰਭਾਲ ਲਈ ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਬੇਹੱਦ ਖ਼ਰਾਬ ਮੌਸਮ, ਹਨ੍ਹੇਰੀ ਝੱਖੜ, ਅਨਜਾਣ ਰਾਹਾਂ 'ਤੇ ਪੈਦਲ ਚੱਲਦਿਆਂ ਹਕੂਮਤ ਦੇ ਡਰ ਤੋਂ ਬੇਖੌਫ ਲਗਭਗ 322 ਕਿਲੋਮੀਟਰ ਰਸਤਾ ਤੈਅ ਕਰਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਕੇ ਪਵਿੱਤਰ ਸੀਸ ਗੁਰੂ ਸਾਹਿਬ ਦੇ ਪਰਿਵਾਰ ਦੇ ਹਵਾਲੇ ਕੀਤਾ ਸੀ | ਸਾਡੀਆਂ ਸਿੱਖ ਸੰਸਥਾਵਾਂ ਸਮੇਤ ਪੰਜਾਬ ਸਰਕਾਰ ਨੇ ਹੁਣ ਤੱਕ ਬਾਬਾ ਜੀਵਨ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਕੁਰਬਾਨੀਆਂ ਨੂੰ ਅੱਖੋਂ-ਪਰੋਖੇ ਕਰਕੇ ਰੱਖਿਆ ਹੋਇਆ ਹੈ | ਸਿੱਖ ਇਤਿਹਾਸ 'ਚ ਸੁਨਿਹਰੀ ਪੰਨਿਆਂ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਬੜਾ ਮਾਣਮੱਤਾ ਇਤਿਹਾਸ ਦਰਜ਼ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 5 ਸਤੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਜਾਵੇ |