ਆਦਮਪੁਰ, 19 ਜੁਲਾਈ (ਰਮਨ ਦਵੇਸਰ)- ਹਲਕਾ ਆਦਮਪੁਰ ਦੇ ਪਿੰਡ ਹਰੀਪੁਰ ਵਿਖੇ ਪਿਛਲੇ ਕਈ ਦਿਨਾਂ ਤੋਂ ਸਵੇਰ ਤੋਂ ਸ਼ਾਮ ਤੱਕ ਤੇ ਫਿਰ ਰਾਤ ਤੋਂ ਸਵੇਰ ਤੱਕ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਵਿਚ ਪਾਵਰਕਾਮ ਵਿਭਾਗ ਪ੍ਰਤੀ ਗ਼ੁੱਸਾ ਵਧਣਾ ਸ਼ੁਰੂ ਹੋ ਗਿਆ ਹੈ | ਇੱਕ ਪਾਸੇ ਜਿੱਥੇ ਲੋਕ ਗਰਮੀ ਤੋਂ ਪਰੇਸ਼ਾਨ ਹਨ ਉੱਥੇ ਹੀ ਦੂਜੇ ਪਾਸੇ ਕਈ-ਕਈ ਘੰਟੇ ਬਿਜਲੀ ਦੇ ਕੱਟ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ | ਬਰਸਾਤ ਹੁੰਦੇ ਹੀ ਬਿਜਲੀ ਬੰਦ ਹੋ ਜਾਂਦੀ ਹੈ ਤੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸਪਲਾਈ ਬਹਾਲ ਨਹੀਂ ਹੁੰਦੀ | ਇਸ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ | ਭਾਵੇਂ ਬਿਜਲੀ ਸਪਲਾਈ ਲਾਈਨ ਵਿਚ ਨੁਕਸ ਪੈਣ ਕਾਰਨ ਇਹ ਕੱਟ ਲੱਗ ਰਹੇ ਹਨ ਪਰ ਵਿਭਾਗ ਤੋਂ ਬਿਜਲੀ ਸਪਲਾਈ ਸੇਵਾਵਾਂ ਵਿਚ ਸੁਧਾਰ ਕਰਨ ਦੀ ਮੰਗ ਕਰਦੇ ਹੋਏ ਅੱਜ ਸਮੂਹ ਨਗਰ ਪੰਚਾਇਤ ਹਰੀਪੁਰ ਅਤੇ ਪਿੰਡ ਵਾਸੀਆਂ ਵੱਲੋਂ ਇੰਜੀਨੀਅਰ ਗੁਲਸ਼ਨ ਕੁਮਾਰ ਚੁਟਾਨੀ ਉਪ ਮੁੱਖ ਇੰਜੀਨੀਅਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਜੋ 11 ਕੇ. ਵੀ. ਲਾਈਨ, 66 ਕੇ. ਵੀ. ਸਬ-ਸਟੇਸ਼ਨ ਆਦਮਪੁਰ ਤੋਂ ਸਾਡੇ ਪਿੰਡ ਹਰੀਪੁਰ ਨੂੰ ਚੱਲਦੀ ਹੈ, ਇਸ ਵਿਚ ਵਾਰ-ਵਾਰ ਖ਼ਰਾਬੀ ਪੈਣ ਕਰ ਕੇ, ਅਕਸਰ ਬੰਦ ਹੋ ਜਾਂਦੀ ਹੈ ਜਿਸ ਨੂੰ ਕਲੀਅਰ ਕਰਨ ਲਈ ਸਟਾਫ਼ ਦੀ ਘਾਟ ਹੋਣ ਕਰ ਕੇ ਵੱਧ ਤੋਂ ਵੱਧ ਸਮਾਂ ਲੱਗ ਜਾਂਦਾ ਹੈ | ਸੋ ਇਸ ਕਰ ਕੇ ਅਸੀਂ ਸਮੂਹ ਨਗਰ ਨਿਵਾਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਆਉਣ ਵਾਲੀ 11 ਕੇ. ਵੀ. ਲਾਈਨ ਪਿੰਡ ਚੋਮੋ ਤੋ ਵੱਖਰੀ ਕਰ ਕੇ ਹਰੀਪੁਰ ਦੀ ਲਾਈਨ ਨਾਲ ਸਿੱਧੇ ਤੌਰ 'ਤੇ ਜੋੜਿਆ ਜਾਵੇ ਤਾਂ ਜੋ ਵਾਰ-ਵਾਰ ਪਿੰਡ ਚੋਮੋ ਦੇ ਏਰੀਏ ਵਿਚ ਮੇਜਰ ਫਾਲਟ ਪੈਣ ਸਮੇਂ ਸਾਡੇ ਪਿੰਡ ਦੀ ਲਾਈਨ ਨੂੰ ਵੱਖਰੇ ਤੌਰ 'ਤੇ ਚਾਲੂ ਕੀਤਾ ਜਾ ਸਕੇ | ਇਸ ਮੌਕੇ ਇੰਜੀਨੀਅਰ ਗੁਲਸ਼ਨ ਕੁਮਾਰ ਚੁਟਾਨੀ ਉਪ ਮੁੱਖ ਇੰਜੀਨੀਅਰ ਜਲੰਧਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਸਮੱਸਿਆ ਦਾ ਹੱਲ ਉਹ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਕੇ ਜਲਦ ਤੋਂ ਜਲਦ ਕਰਨਗੇ ਤੇ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਦਾ ਸਾਹਮਣਾ ਨਹੀਂ ਕਰਨ ਦੇਣਗੇ ਤੇ ਅੱਗੇ ਤੋਂ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਢੁਕਵੇਂ ਕਦਮ ਚੁੱਕੇ ਜਾਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਡਾਕਟਰ ਨਿਰਮਲ ਕੌਲ, ਸੁਰਿੰਦਰ ਸਿੰਘ ਪੰਚ, ਭੁਪਿੰਦਰ ਸਿੰਘ ਪੰਚ, ਦਲਜੀਤ ਸਿੰਘ ਪੰਚ, ਕਰਮਵੀਰ ਸਿੰਘ, ਰਣਵੀਰ ਸਿੰਘ ਪ੍ਰਧਾਨ ਨੌਜਵਾਨ ਸਭਾ ਹਰੀਪੁਰ, ਰਜੇਸ਼ ਕੁਮਾਰ ਢੰਡਾ, ਪਲਵਿੰਦਰ ਸਿੰਘ, ਜਗਜੀਤ ਸਿੰਘ ਜੱਗੀ ਅਤੇ ਅਵਤਾਰ ਸਿੰਘ ਹਾਜ਼ਰ ਸਨ |